Friday, August 31, 2012

ਪਹਿਲਾ ਪੜਾਅ : ਲਾਹੌਰ

ਪਹਿਲਾ ਪੜਾਅ : ਲਾਹੌਰ


ਪਾਕਿਸਤਾਨ ਇਕ ਅਜਿਹਾ ਸ਼ਬਦ ਹੈ ਜਿਹੜਾ ਉਤਰ ਭਾਰਤ ਵਿਚ ਰਹਿਣ ਵਾਲੇ ਲੋਕਾਂ ਦੇ ਮਨ ਵਿਚ ਕਈ ਵਿਸ਼ੇਸ਼ ਬਿੰਬ ਬਣਾਉਂਦਾ ਹੈ। ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਲੋਕਾਂ ਦੀਆਂ ਗੱਲਾਂ ਨੂੰ ਛੱਡ ਵੀ ਦੇਈਏ ਤਾਂ ਵੀ, ਘੱਟੋਘੱਟ ਉਤਰ ਭਾਰਤ ਵਿਚ, ਪਾਕਿਸਤਾਨ ਦੇ ਭਾਂਤ-ਸੁਭਾਂਤੇ ਮਤਲਬ ਨੇ। ਪਾਕਿਸਤਾਨ ਨਾਲ ਜੁੜੀ ਜਿਹੜੀ ਸਭ ਤੋਂ ਪੁਰਾਣੀ ਤਸਵੀਰ ਮੇਰੇ ਮਨ ਵਿਚ ਹੈ, ਉਹ ਸ਼ਾਇਦ ਸਨ 55 ਦੇ ਆਸਪਾਸ ਦੀ ਹੈ—ਜਦੋਂ ਮੇਰੀ ਉਮਰ ਦਸ ਕੁ ਸਾਲ ਹੁੰਦੀ ਹੋਵੇਗੀ। ਗੁਆਂਢ ਦਾ ਕੋਈ ਪਰਿਵਾਰ ਪਾਕਿਸਤਾਨ ਜਾ ਰਿਹਾ ਸੀ। ਘਰ ਦੇ ਸਾਹਮਣੇ ਨਿੰਮ ਦੇ ਬੁੱਢੇ ਤੇ ਸੰਘਣੇ ਰੁੱਖ ਹੇਠ ਤਿੰਨ ਯੱਕੇ ਖੜ੍ਹੇ ਸਨ। ਇਕ ਯੱਕੇ ਉੱਤੇ ਸਾਮਾਨ ਲੱਦਿਆ ਜਾ ਰਿਹਾ ਸੀ—ਦੂਜੇ ਦੁਆਲੇ ਚਾਦਰ ਲਪੇਟ ਦਿੱਤੀ ਗਈ ਸੀ, ਕਿਉਂਕਿ ਉਸ ਵਿਚ ਜਨਾਨਾਂ ਸਵਾਰੀਆਂ ਨੇ ਜਾਣਾ ਸੀ। ਘਰ ਦੇ ਮਰਦ ਗੁਆਂਢੀ ਮਰਦਾਂ ਦੇ ਗਲ਼ ਲੱਗ ਰਹੇ ਸਨ। ਅਜਿਹਾ ਗ਼ਮਗੀਨ ਮਾਹੌਲ ਸੀ ਕਿ ਦਿਲ ਬੈਠਿਆ ਜਾ ਰਿਹਾ ਸੀ। ਘਰ ਦੇ ਅੰਦਰ ਔਰਤਾਂ ਗੁਆਂਢਣਾ ਨਾਲ ਚੰਬੜ-ਚੰਬੜ ਸਿਸਕ ਰਹੀਆਂ ਸਨ—ਸਿਸਕੀਆਂ, ਰੋਣੇ ਵਿਚ ਤੇ ਰੋਣਾ, ਕੁਰਲਾਹਟ ਵਿਚ ਤਬਦੀਲ ਹੋ ਰਿਹਾ ਸੀ। ਬੱਚੇ ਡੌਰਿਆਂ ਵਾਂਗ ਇਧਰ-ਉਧਰ ਭੌਂ ਰਹੇ ਸਨ। ਮੇਰੀ ਸਮਝ ਵਿਚ ਬਿਲਕੁਲ ਨਹੀਂ ਸੀ ਆ ਰਿਹਾ ਕਿ ਇਹ ਸਭ ਹੋ ਕੀ ਰਿਹਾ ਹੈ? ਪਾਕਿਸਤਾਨ ਨਾਲ ਜੁੜੀ ਦੂਜੀ ਤਸਵੀਰ ਇਹ ਹੈ ਕਿ ਗਰਮੀਆਂ ਦੇ ਦਿਨਾਂ ਦੀ ਦੁਪਹਿਰ ਵੇਲੇ ਅਸੀਂ ਲੋਕ ਘਰ ਦੇ ਤਹਿਖਾਨੇ ਵਿਚ ਸੌਂਦੇ ਸਾਂ, ਜਿੱਥੇ ਛੱਤ ਨਾਲ ਲਟਕਦਾ ਪੱਖਾ ਝੱਲਣ ਲਈ ਨੌਕਰ ਪੱਖੇ ਦੀ ਰੱਸੀ ਆਪਣੇ ਪੈਰ ਨਾਲ ਲਪੇਟ ਕੇ ਕੁਝ ਫਾਸਲੇ 'ਤੇ ਲੇਟ ਜਾਂਦਾ ਸੀ ਤੇ ਲੱਤ ਹਿਲਾਉਂਦਾ ਰਹਿੰਦਾ ਸੀ ਜਿਸਦੇ ਸਿੱਟੇ ਵਜੋਂ ਪੱਖਾ ਹਿੱਲਦਾ ਸੀ ਤੇ ਹਵਾ ਆਉਂਦੀ ਰਹਿੰਦੀ ਸੀ। ਅਜਿਹੀ ਕਿਸੇ ਸ਼ਾਂਤ ਤੇ ਠੰਡੀ ਦੁਪਹਿਰ ਸਮੇਂ ਕਦੀ-ਕਦੀ ਕੋਈ ਨੌਕਰ ਹੱਥ ਵਿਚ ਖ਼ਤ ਫੜੀ ਇਹ ਕਹਿੰਦਾ ਹੋਇਆ ਆਉਂਦਾ ਕਿ 'ਪਾਕਿਸਤਾਨੋਂ ਖ਼ਤ ਆਇਆ ਏ ਜੀ।' ਸਾਰੇ ਜਣੇ ਉਠ ਕੇ ਬੈਠ ਜਾਂਦੇ। ਸਾਡੇ ਅੱਬਾ ਦੀ ਫੂਫੀ (ਭੂਆ) ਦਾ ਵੱਡਾ ਲੜਕਾ ਪਾਕਿਸਤਾਨ ਚਲਾ ਗਿਆ ਸੀ ਤੇ ਉੱਥੋਂ ਉਹਦੇ ਖ਼ਤਾਂ ਦੀ ਉਡੀਕ ਪੂਰੇ ਘਰ ਨੂੰ ਰਹਿੰਦੀ ਸੀ। ਕਹਿੰਦੇ ਨੇ, ਵਸੀ ਚਾਚਾ ਪਾਕਿਸਤਾਨ ਨਹੀਂ ਸਨ ਜਾਣਾ ਚਾਹੁੰਦੇ। ਲਖ਼ਨਊ ਯੂਨੀਵਰਸਟੀ ਤੋਂ ਕੈਮਿਸਟਰੀ ਦੀ ਐਮ.ਐਸ.ਸੀ. ਕਰਨ ਪਿੱਛੋਂ ਉਹ ਨੌਕਰੀ ਦੀ ਭਾਲ ਵਿਚ ਸਨ। ਇਕ ਇੰਟਰਵਿਊ ਬੋਰਡ ਵਿਚ ਬੋਰਡ ਦੇ ਕਿਸੇ ਮੈਂਬਰ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਸੀ ਕਿ 'ਮੀਆਂ ਜੀ, ਤੁਸੀਂ ਇੱਥੇ ਭਾਰਤ 'ਚ ਕਿਉਂ ਨੌਕਰੀ ਦੇ ਚੱਕਰ 'ਚ ਪ੍ਰੇਸ਼ਾਨ ਹੋ ਰਹੇ ਓ? ਪਾਕਿਸਤਾਨ 'ਚ ਪਤਾ ਨਹੀਂ ਕਿੰਨੀਆਂ ਨੌਕਰੀਆਂ ਤੁਹਾਡੀ ਉਡੀਕ ਕਰ ਰਹੀਆਂ ਨੇ। ਤੁਸੀਂ ਪਾਕਿਸਤਾਨ ਚਲੇ ਜਾਓ। ਤੁਹਾਨੂੰ ਇੱਥੇ ਨੌਕਰੀ ਦੇਣ ਦਾ ਮਤਲਬ ਕਿਸੇ ਹਿੰਦੂ ਦਾ ਹੱਕ ਮਾਰਨਾ ਏਂ...' ਇਸ ਗੱਲਬਾਤ ਪਿੱਛੋਂ ਵਸੀ ਮਾਮੂ ਸਮਝ ਗਏ ਕਿ ਹਿੰਦੁਸਤਾਨ ਵਿਚੋਂ ਉਹਨਾਂ ਦਾ ਦਾਣਾ-ਪਾਣੀ ਮੁੱਕ ਗਿਆ ਹੈ। ਉਹ ਘਰ ਆਏ ਤੇ ਆਪਣਾ ਫੈਸਲਾ ਸੁਣਾ ਦਿੱਤਾ। ਖ਼ਬਰ ਬੰਬ ਵਾਂਗ ਪਾਟੀ। ਲਖ਼ਨਊ ਦੇ ਕੂਚ-ਏ-ਮਰਿਜਾਨ ਵਿਚ ਲੰਮੀ-ਚੌੜੀ ਹਵੇਲੀ, ਖ਼ਾਨਦਾਨੀ ਇਮਾਮਵਾੜਾ, ਵਾਲਿਦ (ਪਿਤਾ) ਸ਼ਹਿਰ ਦੇ ਮੰਨੇ ਹੋਏ ਵਕੀਲ, ਖ਼ਾਨਦਾਨੀ ਰਾਈਸ, ਯੂਨੀਵਰਸਟੀ ਵਿਚ ਪੜ੍ਹਦੀਆਂ ਭੈਣਾ ਤੇ ਭਰਾ, ਸਾਰੇ ਹੈਰਾਨ ਹੋ ਗਏ। ਖ਼ੈਰ-ਜੀ, ਵਸੀ ਮਾਮੂ ਆਸਾਨੀ ਨਾਲ ਨਹੀਂ ਸਨ ਜਾ ਸਕੇ। ਬੜੀ ਹਾਏ-ਤੌਬਾ ਤੇ ਰੋਣ-ਧੋਣ ਪਿੱਛੋਂ ਕਰਾਚੀ ਸਿਧਾਰੇ। ਉਹਨਾਂ ਦੇ ਖ਼ਤ ਤਪਦੀ ਹੋਈ ਦੁਪਹਿਰ ਵਿਚ ਠੰਡੀ ਹਵਾ ਦੇ ਬੁੱਲ੍ਹੇ ਵਾਂਗ ਆਉਂਦੇ ਸਨ ਤੇ ਉਹਨਾਂ ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ ਜਾਂਦਾ ਸੀ...ਉਹਨਾਂ ਨੂੰ ਚੰਗੀ ਨੌਕਰੀ ਮਿਲ ਗਈ ਸੀ। ਉਹਨਾਂ ਨੇ ਨਾਜਿਮਾਬਾਦ ਵਿਚ ਪਲਾਟ ਵੀ ਲੈ ਲਿਆ ਸੀ।...ਤੇ ਮਕਾਨ ਬਣਵਾਅ ਰਹੇ ਸਨ। ਉਹਨਾਂ ਦੇ ਖ਼ਤਾਂ ਦੇ ਨਵੇਂ ਸ਼ਬਦ ਜਿਵੇਂ 'ਨਾਜਿਮਾਬਾਦ' ਜਾਂ ਵਾਕ ਜਿਵੇਂ 'ਪਠਾਨ ਨੌਕਰ ਚਾਕੂ ਨਾਲ ਨਹੀਂ ਕਰੌਲੀ (ਖੰਜਰ) ਨਾਲ ਸਬਜ਼ੀ ਕੱਟਦੇ ਨੇ' ਦਿਮਾਗ਼ ਵਿਚ ਚਿਪਕ ਕੇ ਰਹਿ ਗਏ ਨੇ...ਪਾਕਿਸਤਾਨ ਨਾਲ ਜੁੜਿਆ ਇਕ ਹੋਰ ਵਾਕ ਉਹ ਨਾਅਰਾ ਹੈ ਜਿਹੜਾ ਪਾਕਿਸਤਾਨ ਬਣਨ ਪਿੱਛੋਂ ਮੁਸਲਿਮ ਲੀਗੀ ਲਾਉਂਦੇ ਹੁੰਦੇ ਸਨ। ਨਾਅਰਾ ਹੈ—'ਹੱਸ ਕੇ ਲਿਆ ਹੈ ਪਕਿਸਤਾਨ, ਲੜ ਕੇ ਲਵਾਂਗੇ ਹਿੰਦੁਸਤਾਨ।' ਪਾਕਿਸਤਾਨ ਦਾ ਮਤਲਬ ਦੱਸਣ ਲਈ ਇਕ ਹੋਰ ਨਾਅਰਾ—'ਪਾਕਿਸਤਾਨ ਦਾ ਮਤਲਬ ਕੀ? ਲਾ ਇਲਾਹਾ ਇਲਲਿੱਲ੍ਹਾ।' ਪਾਕਿਸਤਾਨ ਦਾ ਮਤਲਬ, 'ਅੱਲਾਹ ਇਕ ਹੈ' ਸਾਬਤ ਕਰਦਾ ਸੀ ਕਿ ਪਾਕਿਸਤਾਨ ਮੁਸਲਿਮ ਦੇਸ਼ ਹੈ। ਇਸ ਦੇ ਇਲਾਵਾ ਪਾਕਿਸਤਾਨ ਨੂੰ 'ਮੁਮਕਲਤੇ-ਖ਼ੁਦਾਦਾਦ' ਯਾਨੀ ਈਸ਼ਵਰ ਦੀ ਬਖ਼ਸ਼ੀ ਦਾਤ ਕਹਿਣ ਵਾਲੇ ਘੱਟ ਨਹੀਂ ਸਨ। ਦਰਅਸਲ 'ਹੱਸ ਕੇ ਲਿਆ ਹੈ ਪਾਕਿਸਤਾਨ' ਤੇ 'ਈਸ਼ਵਰ ਦੀ ਬਖ਼ਸ਼ੀ ਦਾਤ' ਦਾ ਆਪੋ ਵਿਚ ਡੂੰਘਾ ਸੰਬੰਧ ਸੀ।
'ਹੱਸ ਕੇ ਲਿਆ ਹੈ ਪਕਿਸਤਾਨ' ਦੀ ਤਸਦੀਕ ਜੇ ਇਤਿਹਾਸ ਵਿਚ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਪ੍ਰਮੁੱਖ ਨਿਰਮਾਤਾ ਮੁਹੰਮਦ ਅਲੀ ਜਿੱਨਾ ਭਾਰਤੀ ਰਾਜਨੀਤੀ ਤੇ ਸਾਮਾਜਕ ਜੀਵਨ ਤੋਂ ਸਨਿਆਸ ਲੈ ਕੇ ਸਨ 1932 ਵਿਚ ਲੰਦਨ ਚਲੇ ਗਏ ਸਨ। ਉਦੋਂ ਤਕ ਜਿੱਨਾ ਤੇ ਪਾਕਿਸਤਾਨ ਦਾ ਕੋਈ ਰਿਸ਼ਤਾ ਨਹੀਂ ਸੀ। ਸਨ 1934 ਵਿਚ ਮੁਸਲਿਮ ਲੀਗ ਦੇ ਨੇਤਾ ਲਿਯਾਕਤ ਅਲੀ ਖਾਂ ਦੇ ਕਹਿਣ 'ਤੇ ਮੁਸਲਿਮ ਲੀਗ ਦਾ ਨੇਤਰੀਤਵ ਸੰਭਾਲਨ ਲਈ ਮੁਹੰਮਦ ਅਲੀ ਜਿੱਨਾ ਵਾਪਸ ਆਏ ਸਨ।
ਸਨ 1946 ਤਕ ਮੁਸਲਿਮ ਲੀਗ ਕਾਂਗਰਸ ਨਾਲ ਮਿਲ ਕੇ ਸਰਕਾਰ ਚਲਾਉਣ ਲਈ ਤਿਆਰ ਸੀ, ਜਿਹਦੀ ਯੋਜਨਾ ਸਫਲ ਨਹੀਂ ਹੋ ਸਕੀ। 14 ਅਗਸਤ 1947 ਨੂੰ ਪਾਕਿਸਤਾਨ ਹੋਂਦ ਵਿਚ ਆ ਗਿਆ। ਪਾਕਿਸਤਾਨ ਦੇ ਇਤਿਹਾਸਕਾਰ ਇਸ ਨੂੰ 'ਲੰਮਾ ਸੰਘਰਸ਼' ਮੰਨਦੇ ਨੇ। ਪਰ ਲਾਹੌਰ ਦੇ ਪ੍ਰਸਿੱਧ ਪੰਜਾਬੀ ਕਵੀ ਮੁਸ਼ਤਾਕ ਸੂਫ਼ੀ ਪੁੱਛਦੇ ਨੇ—“ਇਹ ਦੱਸੋ ਪਕਿਸਤਾਨ ਦੇ ਅੰਦੋਲਨ ਵਿਚ ਮੁਸਲਿਮ ਲੀਗ ਦੇ ਕਿੰਨੇ ਲੋਕ ਜੇਲ੍ਹ ਗਏ ਸਨ? ਕਿਸ-ਕਿਸ ਦੀ ਜਾਇਦਾਦ ਜਬਤ ਕੀਤੀ ਗਈ ਸੀ? ਕਿਸਨੇ ਬ੍ਰਿਟਿਸ਼ ਹਕੂਮਤ ਦੇ ਡੰਡੇ ਖਾਧੇ ਸਨ? ਕਿੰਨਿਆਂ ਕੁ ਨੂੰ ਫਾਂਸੀ ਹੋਈ ਸੀ? ਕਿੰਨੇ ਜਣਿਆਂ ਨੂੰ ਕਾਲੇ-ਪਾਣੀ ਭੇਜਿਆ ਗਿਆ ਸੀ?”
ਸੂਫ਼ੀ ਸਾਹਬ ਦੇ ਇਹਨਾਂ ਸਵਾਲਾਂ ਦਾ ਮੇਰੇ ਕੋਲ ਜਵਾਬ ਨਹੀਂ ਹੈ, ਕਿਉਂਕਿ ਮੈਂ ਇਤਿਹਾਸਕਾਰ ਨਹੀਂ ਹਾਂ। ਖ਼ੈਰ-ਜੀ, 'ਹੱਸ ਕੇ ਲਿਆ ਹੈ ਪਾਕਿਸਤਾਨ' ਦਾ ਦੂਜਾ ਪੱਖ ਇਹ ਹੈ ਕਿ ਕੁਝ ਲੋਕ ਕਾਂਗਰਸ ਉੱਤੇ ਇਹ ਦੋਸ਼ ਲਾਉਂਦੇ ਨੇ ਕਿ ਉਸਨੇ ਮੁਸਲਿਮ ਲੀਗ ਨੂੰ ਪਾਕਿਸਤਾਨ 'ਗਿਫਟ' ਕੀਤਾ ਸੀ...ਤੋ ਇਸ 'ਗਿਫਟ' ਦੀ ਪਰਿਭਾਸ਼ਾ 'ਮੁਮਕਲਤੇ-ਖ਼ੁਦਾਦਾਦ' ਤਾਂ ਨਹੀਂ ਹੋ ਸਕਦੀ, ਪਰ ਏਨਾ ਜ਼ਰੂਰ ਹੈ ਕਿ ਖ਼ੁਦਾ (ਅੱਲਾਹ) ਪਾਕਿਸਤਾਨ ਦੀ ਸੰਵੇਦਨਾ ਦਾ ਪ੍ਰਮੁੱਖ ਹਿੱਸਾ ਰਿਹਾ ਹੈ।
ਮੁਸ਼ਤਾਕ ਸੂਫ਼ੀ ਆਪਣੇ ਤਰਕ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਨੇ—“ਲਾਹੌਰ ਦੀ ਸਭ ਤੋਂ ਵੱਡੀ ਤੇ ਮਹਿੰਗੀ ਮਾਲ ਰੋਡ ਉੱਤੇ ਪਕਿਸਤਾਨ ਬਣਨ ਤੋਂ ਪਹਿਲਾਂ ਸਿਰਫ਼ ਇਕ ਮੁਸਲਮਾਨ ਦੀ ਦੁਕਾਨ ਹੁੰਦੀ ਸੀ। ਅੱਜ ਹਾਲਤ ਉਲਟੀ ਹੈ। ਇਸ ਦੇ ਇਲਾਵਾ ਪੰਜਾਬ ਵਿਚ ਜ਼ਮੀਨਾਂ ਸਿੱਖਾਂ ਕੋਲ ਸਨ। ਹੁਣ ਮੁਸਲਮਾਨਾਂ ਕੋਲ ਨੇ। ਇਸ ਸਭ ਬੜੀ ਜਲਦੀ ਤੇ 'ਕਰਪਟ' ਤਰੀਕੇ ਨਾਲ ਹੋਇਆ ਹੈ...ਮਤਲਬ ਇਹ ਕਿ ਜਾਇਦਾਦਾਂ ਹਥਿਆਉਣ ਵਿਚ ਗ਼ੈਰ-ਕਾਨੂੰਨੀ ਤਰੀਕੇ ਵੀ ਅਪਣਾਏ ਗਏ ਸਨ ਤੇ ਨਾਲੇ ਉਹ ਹਾਲਾਤ ਹੀ ਅਜਿਹੇ ਸਨ ਕਿ ਕਾਨੂੰਨ ਦੀ ਪਾਬੰਦੀ ਬਹੁਤੀ ਸੰਭਵ ਨਹੀਂ ਸੀ। ਪਰ ਇਸ ਉਥਲ-ਪੁਥਲ 'ਅਪ ਐਂਡ ਡਾਊਨ' ਜਾਂ ਕਹੀਏ 'ਡਾਊਨ ਸਾਈਡ ਅਪ' ਨੇ ਸਾਡੇ ਸਮਾਜ ਉੱਤੇ, ਮੇਰੇ ਖ਼ਿਆਲ ਵਿਚ, ਬਹੁਤਾ ਚੰਗਾ ਅਸਰ ਨਹੀਂ ਪਾਇਆ। ਜਦ ਚੈਲੇਂਜ ਨਹੀਂ ਹੁੰਦੇ ਤਾਂ ਸਮਾਜਾਂ ਵਿਚ 'ਨੈਗੇਟਿਵ ਥਿੰਕਿੰਗ' ਪੈਦਾ ਹੋ ਜਾਂਦੀ ਹੈ।”
ਪਾਕਿਸਤਾਨ ਦੇ ਇਤਿਹਾਸਕਾਰ ਤੇ ਬੁੱਧੀਜੀਵੀ ਇਹ ਮੰਨਦੇ ਨੇ ਕਿ ਪਕਿਸਤਾਨ ਲਈ ਸੰਘਰਸ਼ ਕਰਨ ਦੌਰਾਨ ਇਹ ਚਰਚਾ ਨਹੀਂ ਹੋਈ ਕਿ ਪਾਕਿਸਤਾਨ ਦਾ ਸਰੂਪ ਕੀ ਹੋਵੇਗਾ? ਰਾਜਨੀਤਕ ਤੇ ਆਰਥਕ ਵਿਵਸਥਾ ਦਾ ਕੀ ਮਾਡਲ ਹੋਵੇਗਾ? ਬੜੇ ਸਰਸਰੀ ਜਿਹੇ ਢੰਗ ਨਾਲ ਇਹ ਕਿਹਾ ਜਾਂਦਾ ਸੀ ਕਿ ਪਾਕਿਸਤਾਨ ਇਸਲਾਮੀ ਹਕੂਮਤ ਹੋਵੇਗੀ, ਪਰ ਉਸਦੀ ਪਰਿਭਾਸ਼ਾ ਨਹੀਂ ਬੰਨ੍ਹੀ ਗਈ। ਪਾਕਿਸਤਾਨ ਦੇ ਇਕ ਤੇਜ਼ ਬੁੱਧੀਜੀਵੀ ਮੀਆਂ ਆਸਿਫ਼ ਰਸ਼ੀਦ ਨੇ ਬੜੇ ਵਿਸਥਾਰ ਨਾਲ ਇਸ ਸਮੱਸਿਆ 'ਤੇ ਵਿਚਾਰ ਕੀਤਾ ਹੈ। ਪਾਕਿਸਤਾਨ ਦੇ ਸਰੂਪ ਬਾਰੇ ਚਰਚਾ ਨਾ ਕੀਤੇ ਜਾਣ ਦੇ ਕਾਰਨਾ ਨਾਲੋਂ ਪਹਿਲਾਂ ਉਹ ਇਕ ਬੁਨਿਆਦੀ ਮੁੱਦੇ ਵੱਲ ਧਿਆਨ ਖਿੱਚਦੇ ਨੇ। “ਕੁਰਾਨ ਦਾ ਉਦੇਸ਼ ਇਸਲਾਮੀ ਰਾਜ ਸਥਾਪਤ ਕਰਨਾ ਨਹੀਂ ਹੈ ਬਲਕਿ ਨਿਆਂ ਤੇ ਸਮਤਾ 'ਤੇ ਅਧਾਰਤ ਸਮਾਜ ਦਾ ਨਿਰਮਾਣ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਵੀ ਸਮਾਜ ਨਿਆਂ ਤੇ ਸਮਤਾ ਦੀ ਬੁਨਿਆਦ ਉੱਤੇ ਟਿਕਿਆ ਹੋਵੇਗਾ, ਉਹੀ ਇਸਲਾਮੀ ਸਮਾਜ ਹੋਵੇਗਾ—ਭਾਵੇਂ ਉੱਥੇ ਦੀ ਵੱਧ ਗਿਣਤੀ ਮੁਸਲਮਾਨ ਹੋਵੇ ਜਾਂ ਗ਼ੈਰ-ਮੁਸਲਿਮ।” (ਦਲੀਲੇ ਸਹਰ—ਮੀਆਂ ਆਸਿਫ਼ ਰਸ਼ੀਦ—ਫਿਕਸ਼ਨ ਹਾਊਸ, ਲਾਹੌਰ, ਪੰਨਾ 82.)।
ਮੀਆਂ ਆਸਿਫ਼ ਰਸ਼ੀਦ ਨੇ ਮੁਸਲਿਮ ਲੀਗ ਕੇ ਨੇਤਾਵਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ—“ਪਾਕਿਸਤਾਨ ਅੰਦੋਲਨ ਦੌਰਾਨ ਮੁਸਲਿਮ ਲੀਗ ਦੇ ਨੇਤਰੀਤਵ ਨੇ ਇਹ ਸੋਚਣ ਦੀ ਲੋੜ ਨਹੀਂ ਸਮਝੀ ਕਿ ਪਾਕਿਸਤਾਨ ਬਣ ਜਾਣ ਪਿੱਛੋਂ ਨਵੇਂ ਰਾਜ ਦਾ ਸਰੂਪ ਕੀ ਹੋਵੇਗਾ; ਉਸਦਾ ਰਾਜਨੀਤਕ ਢਾਂਚਾ ਕਿਹੜੇ ਸਿਧਾਂਤਾਂ ਅਨੁਸਾਰ ਬਣੇਗਾ ਤੇ ਰਾਜ ਦਾ ਆਰਥਕ ਤੇ ਰਾਜਨੈਤਿਕ ਪ੍ਰਬੰਧ ਕੇਹਾ ਹੋਵੇਗਾ?—ਹਾਲਾਂਕਿ ਮੁਸਲਿਮ ਲੀਗ ਦੀ ਵਿਰੋਧੀ ਪਾਰਟੀ ਕਾਂਗਰਸ ਨੇ ਇਹਨਾਂ ਉਦੇਸ਼ਾਂ ਨੂੰ ਸਾਹਵੇਂ ਰੱਖਦੇ ਹੋਏ 1935 ਦੀਆਂ ਸੂਬਾਈ ਚੋਣਾ ਤੋਂ ਪਹਿਲਾਂ ਪ੍ਰੋ. ਕੇ.ਟੀ. ਸ਼ਾਹ ਦੇ ਨੇਤਰੀਤਵ ਵਿਚ ਇਕ ਨੈਸ਼ਨਲ ਪਲਾਨਿੰਗ ਕਮਿਸ਼ਨ ਬਣਾ ਦਿੱਤਾ ਸੀ। 28 ਮਈ 1937 ਨੂੰ ਸਰ ਮੁਹੰਮਦ ਇਕਬਾਲ ਨੇ ਮੁਸਲਮਾਨਾਂ ਦੀਆਂ ਆਰਥਕ ਸਮੱਸਿਆਵਾਂ ਵੱਲੋਂ ਲਾਪ੍ਰਵਾਹੀ ਵਰਤਨ ਵਾਲੀ ਮੁਸਲਿਮ ਲੀਗ ਉੱਤੇ ਟਿੱਪਣੀ ਕਰਦਿਆਂ ਹੋਇਆਂ ਕਾਯਦੇ ਆਜ਼ਮ ਮੁਹੰਮਦ ਅਲੀ ਜਿੱਨਾ ਨੂੰ ਲਿਖਿਆ ਸੀ—'ਲੀਗ ਨੂੰ ਆਖ਼ਰ ਇਹ ਤੈਅ ਕਰਨਾ ਪਵੇਗਾ ਕਿ ਕੀ ਉਹ ਇਵੇਂ ਹੀ ਸਿਰਫ਼ ਹਿੰਦੁਸਤਾਨੀ ਮੁਸਲਮਾਨਾਂ ਦੇ ਉੱਚ-ਵਰਗ ਦੀ ਅਗੁਆਨੀ ਕਰਦੀ ਰਹੇਗੀ ਜਾਂ ਮਸਲਿਮ ਜਨਤਾ ਵੱਲ ਵੀ...' ਮੁਸਲਿਮ ਲੀਗ ਨਵਾਬਾਂ, ਰਾਜਿਆਂ, ਖਾਨ ਬਹਾਦੁਰਾਂ ਤੇ ਸਰਦਾਰਾਂ ਦੇ ਬੋਝ ਹੇਠ ਏਨੀ ਦੱਬੀ ਹੋਈ ਸੀ ਕਿ ਖ਼ੁਦ ਕਾਯਦੇ ਆਜ਼ਮ ਵੀ ਨਵੇਂ ਰਾਜ ਦੀ 'ਪਛਾਣ' ਦੀ ਵਿਆਖਿਆ ਕਰਦੇ ਹੋਏ ਘਬਰਾਉਂਦੇ ਸਨ ਕਿ ਕਿਤੇ ਪ੍ਰਭਾਵਸ਼ਾਲੀ ਗੁੱਟ ਨਾਰਾਜ਼ ਨਾ ਹੋ ਜਾਣ ਤੇ ਲੀਗ ਵਿਚ ਫੁੱਟ ਨਾ ਪੈ ਜਾਵੇ।” (ਦਲੀਲੇ ਸਹਰ—ਮੀਆਂ ਆਸਿਫ਼ ਰਸ਼ੀਦ—ਫਿਕਸ਼ਨ ਹਾਊਸ ਲਾਹੌਰ, ਪੰਨਾ 15.)।
ਨਵੇਂ ਮੁਲਕ ਪਾਕਿਸਤਾਨ ਦੀਆਂ ਆਰਥਕ ਤੇ ਸਮਾਜਿਕ ਨੀਤੀਆਂ ਨਿਸ਼ਚਿਤ ਨਹੀਂ ਕੀਤੀਆਂ ਗਈਆਂ ਸਨ ਪਰ ਇਸ ਨਾਲੋਂ ਵੱਡਾ ਦੁਖਾਂਤ ਇਹ ਸੀ ਕਿ ਕਾਯਦੇ ਆਜ਼ਮ ਮੁਹੰਮਦ ਅਲੀ ਜਿੱਨਾ ਨੇ ਪਾਕਿਸਤਾਨ ਬਣਨ ਪਿੱਛੋਂ ਸੱਤਾ ਦੀਆਂ ਸਾਰੀਆਂ ਚਾਬੀਆਂ ਆਪਣੇ ਕੋਲ ਰੱਖ ਲਈਆਂ ਸਨ—ਉਹ ਗਵਰਨਰ ਜਨਰਲ ਸਨ, ਸੰਵਿਧਾਨ ਬਣਾਉਣ ਵਾਲੀ ਸੰਸਦ ਦੇ ਮੁਖੀ ਸਨ, ਮੁਸਲਿਮ ਲੀਗ ਦੇ ਮੁਖੀ ਸਨ ਤੇ ਆਪਣੇ ਅਧਿਕਾਰ ਖੇਤਰ ਨੂੰ ਵਧਾਉਣ ਲਈ 1935 ਦੇ ਐਕਟ ਕਾਨੂੰਨ ਆਜ਼ਾਦੀਏ ਹਿੰਦ 1947 ਵਿਚ ਇਕ ਸੋਧ ਕਰਵਾਈ ਸੀ, ਜਿਸ ਨੂੰ 9 ਪੀ. ਕਿਹਾ ਜਾਂਦਾ ਹੈ। ਇਸ ਦੇ ਅਨੁਸਾਰ ਉਹਨਾਂ ਨੂੰ ਇਹ ਅਧਿਕਾਰ ਮਿਲ ਗਿਆ ਸੀ ਕਿ ਉਹ ਪਾਕਿਸਤਾਨ ਦੀ ਕਿਸੇ ਵੀ ਸੂਬਾਈ ਵਿਧਾਨ ਸਭਾ ਨੂੰ ਭੰਗ ਕਰ ਸਕਦੇ ਸਨ। ਉਹਨਾਂ ਨੇ ਆਪਣੇ ਇਸ ਅਧਿਕਾਰ ਦਾ ਪ੍ਰਯੋਗ ਵੀ ਕੀਤਾ।
ਮੀਆਂ ਆਸਿਫ਼ ਰਸ਼ੀਦ ਨੇ ਪਕਿਸਤਾਨ ਵਿਚ ਸੰਵਿਧਾਨ ਬਣਾਉਣ ਦੀ ਪ੍ਰਕ੍ਰਿਆ ਤੇ ਉਸਦੇ ਸਰੂਪ ਨੂੰ ਵੀ ਇਕ ਬੁਨਿਆਦੀ ਭੁੱਲ ਮੰਨਿਆਂ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੇ ਤਿੰਨ ਸਾਲ (1947-1950) ਦੇ ਅੰਦਰ ਸੰਵਿਧਾਨ ਬਣਾ ਕੇ ਭਾਰਤ ਨੂੰ ਗਣਤੰਤਰ ਰਾਜ ਬਣਾ ਦਿੱਤਾ ਸੀ ਜਦਕਿ ਪਾਕਿਸਤਾਨ ਵਿਚ ਇਹ ਪ੍ਰਕ੍ਰਿਆ ਲੰਮੀ ਚੱਲੀ। ਨੌਕਰਸ਼ਾਹੀ ਤੇ ਸੈਨਾ ਨੇ ਸੰਵਿਧਾਨ ਦੇ ਰਾਹ ਵਿਚ ਰੋੜੇ ਅੜਾਏ—ਤੇ ਪਾਕਿਸਤਾਨ ਦਾ ਤੀਜਾ ਸੰਵਿਧਾਨ 1973 ਵਿਚ ਬਣਿਆ, ਜਿਹੜਾ ਮੂਲੋਂ-ਮੁੱਢੋਂ ਗ਼ੈਰ ਲੋਕਤਾਂਤਰਿਕ ਹੈ ਤੇ 'ਚੇਕ ਐਂਡ ਬੈਲੇਂਸ' ਦੀ ਵਿਵਸਥਾ ਵੀ ਉਸ ਵਿਚ ਨਹੀਂ ਹੈ। ਇਸ ਦੇ ਇਲਾਵਾ ਪਾਕਿਸਤਾਨ ਵਿਚ 'ਇਸਲਾਮ' ਦਾ ਵਧਦਾ ਪ੍ਰਭਾਵ ਤੇ ਕੇਂਦਰ-ਰਾਜ-ਸੰਬੰਧਾਂ ਦੀ ਤਣਾਅ ਭਰੀ ਸਥਿਤੀ ਵੀ ਦੇਸ਼ ਨੂੰ ਲੋਕਤੰਤਰਿਕ ਆਧਾਰ ਦੇਣ ਵਿਚ ਅੜਿੱਕਾ ਲਾਉਂਦੀ ਹੈ।
ਮੁਹੰਮਦ ਅਲੀ ਜਿੱਨਾ ਨੇ 11 ਅਗਸਤ 1947 ਨੂੰ ਪਾਕਿਸਤਾਨ ਦੀ ਵਿਚਾਰਧਾਰਾ ਦੀ ਵਿਆਖਿਆ ਕਰਦਿਆਂ ਹੋਇਆਂ ਕਿਹਾ ਸੀ, “ਅਸੀਂ ਇਸ ਬੁਨਿਆਦੀ ਸਿਧਾਂਤ ਤੋਂ ਅੱਗੇ ਵਧ ਰਹੇ ਹਾਂ ਕਿ ਅਸੀਂ ਸਾਰੇ ਨਾਗਰਿਕ ਹਾਂ ਤੇ ਇਸ ਦੇਸ਼ ਦੇ ਨਾਗਰਿਕ ਬਰਾਬਰ ਨੇ।” ਜਿੱਨਾ ਲੋਕਤੰਤਰ, ਧਾਰਮਕ ਸਦਭਾਵਨਾ ਤੇ ਧਰਮ ਨਿਰਪੇਖਤਾ ਦੇ ਪੱਕੇ ਸਮਰਥਕ ਸਨ, ਪਰ ਉਹ ਆਪਣੇ ਵਿਚਾਰਾਂ ਨੂੰ ਵਿਹਾਰ ਵਿਚ ਲਾਗੂ ਨਹੀਂ ਸੀ ਕਰ ਸਕੇ ਤੇ ਆਖ਼ਰ ਸਿਰਫ਼ ਤੀਹ ਸਾਲ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਜ਼ਿਯਾਉਲ ਹੱਕ ਨੇ ਦੇਸ਼ ਨੂੰ ਇਸਲਾਮ ਦੇ ਆਧਾਰ 'ਤੇ ਮੁਸਲਿਮ ਦੇਸ਼ ਬਣਾਉਣ ਦਾ ਐਲਾਨ ਕਰ ਦਿੱਤਾ। ਲੋਕਤੰਤਰ ਤੇ ਧਰਮ-ਨਿਰਪੇਖਤਾ ਤੋਂ ਮੁਸਲਿਮ ਦੇਸ਼ ਬਣਾ ਦਿੱਤੇ ਜਾਣ ਦੀ ਯਾਤਰਾ ਬਹੁਤੀ ਲੰਮੀ ਨਹੀਂ ਹੈ—ਪਰ ਛਲਾਂਗ ਜ਼ਰੂਰ ਲੰਮੀ ਹੈ।
ਮੈਂ ਧਰਮ ਦਾ ਜਿਹੋ-ਜਿਹਾ ਖੁੱਲ੍ਹਾ ਪ੍ਰਦਰਸ਼ਨ ਪਾਕਿਸਤਾਨ ਵਿਚ ਦੇਖਿਆ, ਓਹੋ-ਜਿਹਾ ਇਸਲਾਮੀ ਗਣਰਾਜ ਈਰਾਨ ਵਿਚ ਵੀ ਨਹੀਂ ਸੀ ਦੇਖਿਆ। ਜਿਵੇਂ ਹੀ ਤੁਸੀਂ ਹੱਦ ਪਾਰ ਕਰਦੇ ਹੋ ਜਾਂ ਅਟਾਰੀ ਬਾਰਡਰ ਤੋਂ ਭਾਰਤੀ ਸੀਮਾ ਲੰਘਦੇ ਹੋ, ਪਾਕਿਸਤਾਨ ਦੇ ਪ੍ਰਵੇਸ਼ ਦੁਆਰ ਉੱਤੇ 'ਬਿਸਮਿੱਲਾਹੇ ਰਹਮਾਨ ਰਹੀਮ' ਲਿਖਿਆ ਦਿਖਾਈ ਦੇਂਦਾ ਹੈ। ਉਸ ਤੋਂ ਅੱਗੇ ਜਿਵੇਂ-ਜਿਵੇਂ ਲਾਹੌਰ ਦੇ ਨੇੜੇ ਪਹੁੰਚਦੇ ਹਾਂ ਤਿਵੇਂ-ਤਿਵੇਂ ਚੌਰਾਹਿਆਂ ਉੱਤੇ, ਇਮਾਰਤਾਂ ਦੇ ਉਪਰ, ਘਰਾਂ-ਉੱਤੇ, ਦੁਕਾਨਾਂ ਦੇ ਅੰਦਰ ਤੇ ਬਾਹਰ, ਛੱਤਾਂ ਉੱਤੇ, ਰੁੱਖਾਂ ਦੇ ਤਣਿਆਂ ਉੱਤੇ, ਪਾਰਕਾਂ ਤੇ ਮੈਦਾਨਾਂ ਵਿਚ ਬਾਗਾਂ ਦੇ ਫੁਲਵਾੜੀਆਂ ਵਿਚ ਹਰ ਜਗ੍ਹਾ 'ਅੱਲਾਹ', 'ਕਲਮਾ' ਜਾਂ 'ਕੁਰਾਨ ਦੀਆਂ ਆਯਤਾਂ' ਜਾਂ 'ਸੁਭਾਨ ਅੱਲਾਹ' ਲਿਖਿਆ ਦਿਖਾਈ ਦੇਂਦਾ ਹੈ। ਇਸਦੇ ਇਲਾਵਾ ਇਮਾਰਤਾਂ ਉੱਤੇ ਰੰਗ-ਬਿਰੰਗੇ ਝੰਡੇ ਲਹਿਰਾਉਂਦੇ ਹੋਏ ਨਜ਼ਰ ਆਉਂਦੇ ਨੇ। ਮੈਂ ਕਿਸੇ ਦੋਸਤ ਨੂੰ ਪੁੱਛਿਆ ਸੀ ਕਿ 'ਇਹਨਾਂ ਰੰਗ-ਬਿਰੰਗੇ ਝੰਡਿਆਂ ਦਾ ਕੀ ਮਤਲਬ ਏ? ਕੀ ਇਹ ਕਿਸੇ ਵਿਸ਼ੇਸ਼ ਸੰਪਰਦਾਏ ਜਾਂ ਰਾਜਨੀਤਕ ਦਲ ਦੇ ਝੰਡੇ ਨੇ?' ਮੈਨੂੰ ਜਵਾਬ ਮਿਲਿਆ ਸੀ ਕਿ 'ਪਾਕਿਸਤਾਨ ਵਿਚ ਧਰਮ ਤੇ ਰਾਜਨੀਤੀ ਇਕ ਦੂਜੇ ਵਿਚ ਏਦਾਂ ਘੁਲ-ਮਿਲ ਗਏ ਨੇ ਕਿ ਕਿੱਥੋਂ ਕੀ ਸ਼ੁਰੂ ਹੁੰਦਾ ਏ ਤੇ ਕੀ ਕਿੱਥੇ ਖ਼ਤਮ ਹੁੰਦਾ ਏ, ਇਹ ਦੱਸਣਾ ਮੁਸ਼ਕਲ ਏ।'
ਫ਼ੈਜ਼ ਅਹਿਮਦ 'ਫ਼ੈਜ਼' ਦੇ ਜਨਮ ਸ਼ਤਾਬਦੀ ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤੀ ਪਟਕਥਾ ਲੇਖਕਾ ਸ਼ਮਾ ਜ਼ੈਦੀ ਦੇ ਨੇਤਰੀਤਵ ਵਿਚ, ਜਿਹੜਾ ਡੈਲੀਗੇਸ਼ਨ ਬਾਘਾ ਬਾਰਡਰ ਕਰਾਸ ਕਰਕੇ ਪਾਕਿਸਤਾਨ ਪਹੁੰਚਿਆ ਸੀ, ਉਸ ਵਿਚ ਵਧੇਰੇ ਬੰਬਈ ਦੇ ਕਲਾਕਾਰ, ਲੇਖਕ ਤੇ ਅਭਿਨੇਤਾ ਸਨ। ਮੈਂ ਤੇ ਉਬੈਦ ਸਿੱਦੀਕੀ ਦਿੱਲੀ ਦੇ ਸਾਂ। ਬਾਘਾ ਬਾਰਡਰ ਉੱਤੇ 'ਫ਼ੈਜ਼' ਸਾਹਬ ਦੀਆਂ ਦੋਵੇਂ ਬੇਟੀਆਂ, ਸਲੀਮਾ ਤੇ ਮੁਨੀਜ਼ਾ ਡੈਲੀਗੇਸ਼ਨ ਦੇ ਸਵਾਗਤ ਦੇ ਲਈ ਤਿਆਰ ਸਨ। ਇਹੋ ਕਾਰਨ ਹੈ ਕਿ ਸਾਡਾ ਸਾਮਾਨ ਵਗ਼ੈਰਾ ਨਹੀਂ ਸੀ ਦੇਖਿਆ ਗਿਆ। ਦੇਖਿਆ ਜਾਂਦਾ ਤਾਂ ਕਈ ਲੋਕਾਂ ਦੇ ਸੂਟਕੇਸਾਂ ਵਿਚੋਂ ਭਾਰਤੀ ਕਸਟਮ ਦੀ ਦੁਕਾਨ ਤੋਂ ਖਰੀਦੀ ਗਈ 'ਸਕਾਚ ਵਿਸਕੀ' ਦੀਆਂ ਬੋਤਲਾਂ ਨਿਕਲਦੀਆਂ। ਸਾਨੂੰ ਭਾਰਤੀ ਕਸਟਮ ਵਿਚ ਇਹ ਦੱਸਿਆ ਗਿਆ ਸੀ ਕਿ ਕੋਈ ਗ਼ੈਰ-ਮੁਸਲਿਮ ਆਪਣੇ ਨਾਲ ਦੋ ਬੋਤਲਾਂ ਲੈ ਜਾ ਸਕਦਾ ਹੈ। ਮਸ਼ਹੂਰ ਅਭਿਨੇਤਾ ਤੇ ਪੁਰਾਣੇ ਬਜ਼ੁਰਗ ਮਿੱਤਰ ਰਾਜੇਂਦਰ ਗੁਪਤਾ ਸਕਾਚ ਦੀ ਇਕ ਬੋਤਲ ਖ਼ਰੀਦ ਰਹੇ ਸਨ। ਮੈਂ ਚੰਗਾ ਮੌਕਾ ਦੇਖ ਕੇ ਦੋ ਕਰਾ ਦਿੱਤੀਆਂ ਸਨ। ਮੈਂ ਕਿਉਂਕਿ ਇਸਲਾਮੀ ਦੇਸ਼ ਪਹਿਲੀ ਵਾਰ ਜਾ ਰਿਹਾ ਸਾਂ, ਇਸ ਲਈ ਡਰਿਆ ਹੋਇਆ ਸਾਂ।
ਬਾਘਾ ਬਾਰਡਰ ਦੇ ਬਾਹਰ ਨਿਕਲੇ ਤਾਂ ਇਧਰ-ਉਧਰ ਦਾ ਸੀਨ ਬੜਾ ਪ੍ਰਭਾਵਿਤ ਕਰਨ ਵਾਲਾ ਸੀ। ਅਜੀਬ ਉੱਜੜੇ-ਪੁਜੜੇ ਮਕਾਨ ਦਿਖਾਈ ਦਿੱਤੇ, ਜਿਹਨਾਂ ਵਿਚ ਮੱਝਾਂ ਦੀ ਗਿਣਤੀ ਖਾਸੀ ਸੀ। ਸ਼ਾਇਦ ਇਹ ਘੋਸੀਆਂ (ਗਾਂਵਾਂ-ਮੱਝਾਂ ਪਾਲਨ ਵਾਲਿਆਂ) ਦੀ ਆਬਾਦੀ ਸੀ। ਕੁਝ ਹੋਰ ਅੱਗੇ ਵਧੇ ਤੇ ਲਾਹੌਰ ਸ਼ਹਿਰ ਵਿਚ ਦਾਖ਼ਲ ਹੋ ਗਏ ਤਾਂ ਅੱਖਾਂ ਚੁੰਧਿਆ ਗਈਆਂ। ਇਹ ਸ਼ਹਿਰ ਦਾ ਸਭ ਤੋਂ ਖ਼ੂਬਸੂਰਤ ਇਲਾਕਾ ਸੀ। ਸੜਕਾਂ, ਪਾਰਕ, ਹਰਿਆਲੀ ਤੇ ਦੋਵੇਂ ਪਾਸੇ ਬਣੀਆਂ ਸ਼ਾਨਦਾਰ ਇਮਾਰਤਾਂ ਤੇ ਕੋਠੀਆਂ ਚੀਕ-ਚੀਕ ਕੇ ਲੋਕਾਂ ਦੇ ਧਨੱਡ ਹੋਣ ਦਾ ਐਲਾਨ ਕਰ ਰਹੀਆਂ ਸਨ। ਮੁੰਬਈ ਤੋਂ ਆਏ ਇਕ ਨੌਜਵਾਨ ਸੱਜਣ ਬੋਲੇ, “ਯਾਰ ਇਹ ਇੱਥੋਂ ਦੇ ਬੰਗਲੇ ਤਾਂ ਅਮਿਤਾਭ ਬਚਨ ਤੇ ਸ਼ਾਹਰੁਖ ਖਾਨ ਦੇ ਬੰਗਲਿਆਂ ਨੂੰ ਮਾਤ ਪਾ ਰਹੇ ਨੇ।” ਇਸ ਗੱਲਬਾਤ ਦੌਰਾਨ ਕਿਸੇ ਅਨੁਭਵੀ ਸੱਜਣ ਨੇ ਕਿਹਾ, “ਜਨਾਬ ਕਿਹਾ ਜਾਂਦਾ ਏ, ਪਕਿਸਤਾਨ ਵਿਚ ਲੋਕਾਂ ਕੋਲ ਬੜੇ ਪੈਸੇ ਨੇ, ਸਰਕਾਰ ਗ਼ਰੀਬ ਏ, ਉਸ ਕੋਲ ਪੈਸੇ ਨਹੀਂ ਹੈਨ—ਇਹ ਸੱਚ ਵੀ ਏ, ਪਰ ਇਸਦੇ ਉਲਟ ਹਿੰਦੁਸਤਾਨ ਵਿਚ ਲੋਕਾਂ ਕੋਲ ਪੈਸੇ ਨਹੀਂ, ਸਰਕਾਰ ਕੋਲ ਬੜਾ ਪੈਸਾ ਏ।”
“ਇੰਜ ਕਿਉਂ ਜੀ?” ਕਿਸੇ ਨੇ ਪੁੱਛਿਆ।
ਜਿਹੜੇ ਲੋਕ ਜਾਣਦੇ ਸਨ, ਮੁਸਕਰਾਉਣ ਲੱਗ ਪਏ; ਜਿਹੜੇ ਨਹੀਂ ਜਾਣਦੇ ਸਨ, ਉਹ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ।
ਤਿੰਨ-ਚਾਰ ਦਿਨ 'ਫ਼ੈਜ਼' ਜਨਮ-ਸ਼ਤੀ ਪ੍ਰੋਗਰਾਮ ਚਲਦੇ ਰਹੇ। ਦਿਖਾਵੇ, ਧੱਨਡਤਾ ਤੇ ਸੁੰਦਰਤਾ ਨੇ ਪ੍ਰਭਾਵਿਤ ਤਾਂ ਕੀਤਾ, ਪਰ ਜਿੰਨਾ ਪ੍ਰਭਾਵ ਲਾਹੌਰ ਦੇ ਉੱਚ-ਵਰਗ ਦੀ ਸਾਂਸ਼ਕ੍ਰਿਤਿਕ-ਸਾਹਿਤਿਕ ਜਾਗਰੂਕਤਾ ਦਾ ਪਿਆ, ਉਹ ਦੱਸਣ ਲਾਇਕ ਹੈ। ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਇਕ ਹਜ਼ਾਰ ਰੁਪਏ ਦਾ ਟਿਕਟ ਲੈ ਕੇ ਆਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਵੀ ਗ਼ਰੀਬ ਜਾਂ ਮੱਧ-ਵਰਗ ਦੇ ਨਹੀਂ ਕਿਹਾ ਜਾ ਸਕਦਾ ਤੇ ਦੇਖਣ-ਸੁਣਨ ਵਿਚ ਵੀ ਲੱਗਦਾ ਸੀ ਕਿ ਲਾਹੌਰ ਦਾ ਉੱਚ-ਵਰਗ ਬੜਾ ਸੁਸਭਿਅਕ, ਸਾਹਿਤਕ ਤੇ ਕਲਾ ਪ੍ਰੇਮੀ ਹੈ। ਮੇਰੇ ਖ਼ਿਆਲ ਵਿਚ ਅਜਿਹੇ ਕਾਰਜ-ਕਰਮਾਂ ਵਿਚ ਸ਼ਾਇਦ ਦਿੱਲੀ ਦਾ ਉੱਚ-ਵਰਗ ਮੁਫ਼ਤ ਆਉਣ ਵੀ ਪਸੰਦ ਨਹੀਂ ਕਰੇਗਾ।
ਇਹਨਾਂ ਕਾਰਜ-ਕਰਮਾਂ ਦੌਰਾਨ ਇਕ ਅਦਭੁਤ ਤੇ ਵਿਲੱਖਣ ਪ੍ਰਭਾਵ ਵਾਲੀ ਹਸਤੀ ਮੁਸ਼ਤਾਕ ਯੂਸੁਫੀ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਦੁੱਖ ਹੋਇਆ ਕਿ ਉਹਨਾਂ ਤੋਂ ਤੇ ਉਹਨਾਂ ਦੀਆਂ ਰਚਨਾਵਾਂ ਤੋਂ ਹੁਣ ਤਕ ਇੰਜ ਅਣਜਾਣ ਰਿਹਾ। ਯੂਸੁਫੀ ਸਾਹਬ, 'ਫ਼ੈਜ਼' ਉੱਤੇ ਰੱਖੇ ਸੈਮੀਨਾਰ ਵਿਚ, ਆਪਣਾ ਲੇਖ ਪੜ੍ਹਨ ਲਈ ਆਏ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਫ਼ੈਜ਼ ਬਾਰੇ ਉਹਨਾਂ ਨੇ ਪੂਰੀ ਗੰਭੀਰਤਾ ਤੇ ਸਹਿਜ ਨਾਲ ਬੋਲਣਾ ਸ਼ੁਰੂ ਕੀਤਾ। ਉਹਨਾਂ ਦੇ ਹਰ ਵਾਕ ਉੱਤੇ ਹਾਲ ਵਿਚ ਠਹਾਕੇ ਗੂੰਜਣ ਲੱਗੇ। ਮਜ਼ੇਦਾਰ ਗੱਲ ਇਹ ਸੀ ਕਿ ਉਹ ਨਾ ਤਾਂ ਕਿਸੇ ਵਿਅਕਤੀ ਦਾ ਮਖ਼ੌਲ ਉਡਾਅ ਰਹੇ ਸਨ ਤੇ ਨਾ ਘਟੀਆ ਕਿਸਮ ਦਾ ਹਾਸ-ਰਸ ਪੈਦਾ ਕਰ ਰਹੇ ਸਨ। ਉਹਨਾਂ ਦਾ ਪੂਰਾ ਲੇਖ ਬੜਾ ਸੁਸਭਿਅਕ ਤੇ ਗੰਭੀਰ ਸੀ।
ਮੁਸ਼ਤਾਕ ਅਹਿਮਦ ਯੂਸੁਫੀ ਮੂਲ ਰੂਪ ਵਿਚ ਟੇਂਕ (ਰਾਜਸਥਾਨ) ਦੇ ਨੇ। ਉਹਨਾਂ ਦੀ ਸਿੱਖਿਆ ਰਾਜਸਥਾਨ, ਆਗਰਾ ਯੂਨੀਵਰਸਟੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਵਿਚ ਹੋਈ ਸੀ। ਪੇਸ਼ੇ ਦੇ ਬੈਂਕਰ ਯੂਸੁਫੀ ਸਾਹਬ ਨੂੰ ਪਾਕਿਸਤਾਨ ਦੇ ਵੱਡੇ ਤੋਂ ਵੱਡੇ ਸਾਹਿਤਕ ਅਵਾਰਡ ਮਿਲ ਚੁੱਕੇ ਨੇ। ਉਹਨਾਂ ਦਾ ਹਾਸ-ਵਿਅੰਗ ਸੰਗ੍ਰਹਿ 'ਖਾਕਮ ਬ ਦਹਨ' (ਮੂੰਹ 'ਤੇ ਮਿੱਟੀ) ਚੌਦਾਂ ਵਾਰ ਛਪ ਚੁੱਕਿਆ ਹੈ। ਇਕ ਹੋਰ ਸੰਗ੍ਰਹਿ 'ਜ਼ਰਗੁਸ਼ਤ' ਦੇ ਗਿਆਰਾਂ ਐਡੀਸ਼ਨ ਛਪੇ ਨੇ। ਉਹਨਾਂ ਬਾਰੇ ਇਹ ਤੈਅ ਹੈ ਕਿ ਉਹ ਉਰਦੂ ਦੇ ਸਰਬ-ਉੱਤਮ ਹਾਸ-ਵਿਅੰਗਕਾਰ ਨੇ।
ਫ਼ੈਜ਼' ਉੱਤੇ ਉਹਨਾਂ ਦਾ ਭਾਸ਼ਣ ਸੁਣਨ ਪਿੱਛੋਂ ਚਾਹ ਪੀਣ ਲਈ ਸਾਰੇ ਬਾਹਰ ਨਿਕਲੇ ਤਾਂ ਮੌਕਾ ਵੇਖ ਕੇ ਮੈਂ ਯੂਸੁਫੀ ਸਾਹਬ ਨੂੰ ਕਿਹਾ ਕਿ 'ਹਿੰਦੁਸਤਾਨ ਤੋਂ ਪਹਿਲੀ ਵਾਰ ਪਾਕਿਸਤਾਨ ਆਇਆ ਹਾਂ। ਜੇ ਪਾਕਿਸਤਾਨ ਵਿਚ ਮੈਂ ਸਿਰਫ਼ ਤੁਹਾਨੂੰ ਸੁਣਿਆ ਹੁੰਦਾ ਤੇ ਹੋਰ ਕੁਝ ਨਾ ਕੀਤਾ ਹੁੰਦਾ ਤਾਂ ਵੀ ਮੇਰਾ ਪਾਕਿਸਤਾਨ ਆਉਣਾ ਸਾਰਥਕ ਹੁੰਦਾ।' ਪਝੱਤਰ ਸਾਲ ਤੋਂ ਉਪਰ ਹੋਏ ਯੂਸੁਫੀ ਸਾਹਬ ਨੇ ਮੇਰੀ ਗੱਲ ਸੁਣੀ ਪਰ ਕੁਝ ਬੋਲੇ ਨਹੀਂ। ਉਹਨਾਂ ਨੂੰ ਉਹਨਾਂ ਦੇ ਸਾਰੇ ਪ੍ਰਸ਼ੰਸਕਾਂ ਨੇ ਘੇਰਿਆ ਹੋਇਆ ਸੀ ਤੇ ਮੈਂ ਇਹ ਠੀਕ ਨਹੀਂ ਸਮਝਿਆ ਕਿ ਉਹਨਾਂ ਦੇ ਤੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿਚਕਾਰ ਕੰਧ ਬਣਾ।
'ਫ਼ੈਜ਼' ਜਨਮ-ਸ਼ਤੀ ਦਾ ਅੰਤਮ ਸਤਰ ਲਾਹੌਰ ਦੇ ਜਿੱਨਾ ਬਾਗ਼ ਦੇ ਖੁੱਲ੍ਹੇ ਆਡੀਟੋਰੀਅਮ ਵਿਚ ਸੀ। ਜਿੱਥੇ ਗੀਤ, ਸੰਗੀਤ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਪਹਿਲੀ ਵਾਰੀ ਲੱਗਿਆ ਕਿ ਫ਼ੈਜ਼ ਪ੍ਰਗਤੀਸ਼ੀਲ ਕਵੀ ਨੇ ਤੇ ਜਨ-ਅੰਦੋਲਨਾਂ ਨਾਲ ਵੀ ਉਹਨਾਂ ਦਾ ਕੋਈ ਵਸਤਾ ਰਿਹਾ ਹੈ। ਕਲਾਕਾਰਾਂ ਤੇ ਲੋਕਾਂ ਵਿਚ ਇਕ ਅਦਭੁਤ ਉਤਸਾਹ ਸੀ। ਇਹ ਪ੍ਰੋਗਰਾਮ ਸਾਰਾ ਦਿਨ ਚਲਦਾ ਰਿਹਾ।
ਫ਼ੈਜ਼' ਜਨਮ-ਸ਼ਤੀ ਦੇ ਪ੍ਰਬੰਧਕਾਂ ਨੇ ਸਾਡੇ ਗਰੁੱਪ ਨੂੰ ਆਉਣ-ਜਾਣ ਲਈ ਵੈਨ ਦਿੱਤੀ ਹੋਈ ਸੀ। ਜਿਸ ਵਿਚ ਬੈਠ ਕੇ ਸਾਰੇ ਜਣੇ ਸਵੇਰੇ ਕਾਰਜ ਕਰਮਾਂ ਵਿਚ ਸ਼ਾਮਲ ਹੋਣ ਨਿਕਲ ਜਾਂਦੇ ਸਨ। ਸ਼ਾਮ ਨੂੰ ਇਹੀ ਵੈਨ ਸਾਨੂੰ ਲਾਹੌਰ ਦੇ ਅਮੀਰ ਇਲਾਕੇ ਵਿਚ ਕਿਸੇ ਵਿਅਕਤੀ ਦੀ ਕੋਠੀ ਲੈ ਆਉਂਦੀ ਸੀ, ਜਿੱਥੇ ਰਾਤ ਦੇ ਖਾਣੇ ਦਾ ਪ੍ਰਬੰਧ ਹੁੰਦਾ ਸੀ। ਇਹਨਾਂ ਪਾਰਟੀਆਂ ਵਿਚ ਅਸਾਂ ਲੋਕਾਂ ਨੇ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਹੀਂ ਸੀ ਕੀਤੀ। ਹਿੰਦੁਸਤਾਨ ਵਿਚ ਵਿਗੜੀਆਂ ਸਾਡੀਆਂ ਆਦਤਾਂ ਦਾ ਵੀ ਪੂਰਾ-ਪੂਰਾ ਖ਼ਿਆਲ ਰੱਖਿਆ ਗਿਆ। ਇਹ ਵੀ ਪਤਾ ਲੱਗਿਆ ਕਿ ਸਾਡੇ ਵਰਗੇ ਲੋਕ ਉੱਥੇ ਵੀ ਘੱਟ ਨਹੀਂ ਹੈਨ, ਪਰ ਸਾਹਮਣੇ ਨਹੀਂ ਆਉਂਦੇ—ਧਰਮ ਦਾ ਕੁਝ ਤਾਂ ਸਨਮਾਨ ਕਰਨਾ ਹੀ ਚਾਹੀਦਾ ਹੈ।
ਸਾਡੀ ਵੈਨ ਦੇ ਨਾਲ ਇਕ ਮੋਟਰ ਸਾਈਕਲ ਸਵਾਰ ਹਮੇਸ਼ਾ ਹੀ ਹੁੰਦੇ ਸਨ। ਦੱਸਿਆ ਗਿਆ ਸੀ ਕਿ ਉਹ ਸਾਡੀ ਸੁਰੱਖਿਆ ਲਈ ਨੇ। ਇਸ ਲਈ ਅਸਾਂ ਲੋਕਾਂ ਉਹਨਾਂ ਦਾ ਨਾਂ 'ਮੋਹਾਫ਼ਿਜ਼' (ਰਖਵਾਲਾ) ਰੱਖ ਦਿੱਤਾ ਸੀ। ਇਸ ਮੋਟੀ ਜਿਹੀ ਗੱਲ ਦਾ ਸਾਨੂੰ ਸਾਰਿਆਂ ਨੂੰ ਪਤਾ ਸੀ ਕਿ 'ਮੋਹਾਫ਼ਿਜ਼' ਸਾਹਬ ਆਪਣੀ ਡਿਊਟੀ ਕਰ ਰਹੇ ਨੇ। ਦੋ ਦਿਨਾਂ ਵਿਚ ਹੀ ਮੋਹਾਫ਼ਿਜ਼ ਸਾਹਬ ਨਾਲ ਚੰਗਾ ਤਾਲਮੇਲ ਹੋ ਗਿਆ। ਉਹਨਾਂ ਵੀ 'ਓਹਲਾ' ਛੱਡ ਦਿੱਤਾ ਤੇ ਅਸੀਂ ਸਨਮਾਨ ਸਹਿਤ ਉਹਨਾਂ ਨੂੰ ਅਪਣਾਅ ਲਿਆ।
'ਫ਼ੈਜ਼' ਨਾਲ ਸੰਬੰਧਤ ਪ੍ਰੋਗਰਾਮਾਂ ਤੋਂ ਕੁਝ ਸਮਾਂ ਬਚਾਅ ਕੇ ਇਕ ਰਾਤ ਅਸੀਂ ਲੋਕ ਉਸਮਾਨ ਪੀਰਜ਼ਾਦਾ ਦੇ ਮਹਿਮਾਨ ਬਣੇ। ਉਸਮਾਨ ਪੀਰਜ਼ਾਦਾ ਪੰਜਾਬੀ ਦੇ ਲੋਕ ਪ੍ਰਸਿੱਧ ਅਭਿਨੇਤਾ ਨੇ। ਉਹ ਪਾਕਿਸਤਾਨ ਦੇ ਪੰਜਾਬ ਵਿਚ ਹੀ ਨਹੀਂ ਬਲਕਿ ਭਾਰਤੀ ਪੰਜਾਬ ਵਿਚ ਵੀ 'ਹਾਊਸ ਹੋਲਡ ਨੇਮ' ਨੇ। ਉਸਮਾਨ ਦਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਲਾਹੌਰ ਵਿਚ ਨਾਟਕ ਤੇ ਸਿਨੇਮਾ ਦੇ ਖੇਤਰ ਵਿਚ ਅਦਾਕਾਰੀ ਕਰ ਰਿਹਾ ਹੈ।
ਰਾਤ ਦੇ ਲਗਭਗ ਦਸ ਵਜੇ ਅਸੀਂ ਅਣਜਾਣ ਇਲਾਕੇ ਵਿਚ, ਸ਼ਹਿਰ ਤੋਂ ਕਾਫੀ ਦੂਰ ਉਸਮਾਨ ਪੀਰਜ਼ਾਦਾ ਦੇ ਘਰ ਵੱਲ ਚਲ ਪਏ। ਕੋਈ ਇਕ ਘੰਟੇ ਬਾਅਦ ਸਾਡੀ 'ਵੈਨ' ਇਕ ਅਤਿ-ਆਧੁਨਿਕ ਹਾਊਸਿੰਗ ਕਾਮਪਲੈਕਸ ਵਿਚ ਵੜੀ। ਵਿਚਕਾਰ ਲਾਨ ਸੀ ਤੇ ਤਿੰਨ ਪਾਸੇ ਬੜੀਆਂ ਹੀ ਆਧੁਨਿਕ ਕਿਸਮ ਦੀਆਂ ਕੋਠੀਆਂ ਬਣੀਆਂ ਹੋਈਆਂ ਸਨ, ਜਿਹਨਾਂ ਦੀਆਂ ਪੌੜੀਆਂ, ਦਰਵਾਜ਼ੇ, ਖਿੜਕੀਆਂ, ਰੌਸ਼ਨੀ ਵਿਚ ਨਹਾਅ ਰਹੀਆਂ ਸਨ। ਡਰਾਈਵ-ਵੇ 'ਤੇ ਸਾਨੂੰ ਉਸਮਾਨ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਇਹ ਉਹਨਾਂ ਦੇ ਪਰਿਵਾਰ ਦੇ ਲੋਕਾਂ ਦੇ ਬੰਗਲੇ ਨੇ।
ਅਸੀਂ ਉਸਮਾਨ ਦੇ ਬੰਗਲੇ ਅੰਦਰ ਆਏ। ਇੱਥੇ ਲਗਭਗ ਵੀਹ ਜਣੇ ਪਹਿਲਾਂ ਹੀ ਮੌਜ਼ੂਦ ਸਨ ਤੇ ਪਾਰਟੀ ਆਪਣੇ ਪੂਰੇ ਜੋਬਨ 'ਤੇ ਸੀ। ਉਸਮਾਨ ਦੇ ਘਰ ਅੰਦਰ ਵੀ ਖਾਨਦਾਨੀ ਠਾਠ, ਕਲਾ-ਪ੍ਰੇਮ ਤੇ ਪ੍ਰਦਰਸ਼ਨ ਰੂਪੀ ਤਿਵੈਣੀ ਦੇ ਦੀਦਾਰ ਹੋਏ ਸਨ। ਥੋੜ੍ਹੀ ਦੇਰ ਵਿਚ ਹੀ ਸਾਰੇ ਲੋਕ ਮਹਿਮਾਨਾਂ ਨਾਲ ਗੱਲਬਾਤ ਵਿਚ ਰੁੱਝ ਗਏ। ਪ੍ਰੋਗਰਾਮ ਇਹ ਬਣਿਆ ਸੀ ਕਿ ਉਸਮਾਨ ਕੇ ਘਰ 'ਸ਼ਰਬਤੇ ਰੂਹ ਅਫ਼ਜ਼ਾ' ਲੈਣ ਪਿੱਛੋਂ ਅਸੀਂ ਲੋਕ ਉਸਮਾਨ ਦੇ ਪਰਿਵਾਰ ਦੁਆਰਾ ਸਥਾਪਿਤ ਰਫੀ ਪੀਰ ਕਲਚਰਲ ਸੈਂਟਰ ਜਾਵਾਂਗੇ, ਜਿੱਥੋਂ ਦੇ ਰੇਸਤਰਾਂ ਵਿਚ ਖਾਣਾ ਖਾਵਾਂਗੇ। ਪਰ ਰੇਸਤਰਾਂ ਵਿਚ 'ਸ਼ਰਬਤੇ ਰੂਹ ਅਫ਼ਜ਼ਾ' ਨਹੀਂ ਮਿਲਦਾ, ਇਸ ਲਈ ਉਸਮਾਨ ਮਹਿਮਾਨਾਂ ਨੂੰ ਕਹਿ ਰਹੇ ਸਨ ਕਿ ਤੁਸੀਂ ਆਪਣੇ ਆਪਣੇ ਕੋਟੇ ਦਾ ਖ਼ਿਆਲ ਰੱਖਣਾ।
ਪਾਰਟੀ ਵਿਚ ਉਸਮਾਨ ਪੀਰਜ਼ਾਦਾ ਦੇ ਦੋਸਤ ਅਭਿਨੇਤਾ, ਗਾਇਕ, ਸੰਗੀਤਕਾਰ, ਬਿਜਨੇਸਮੈਨ, ਸਰਕਾਰੀ ਅਧਿਕਾਰੀ ਵਗ਼ੈਰਾ ਸਨ। ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਤੇ ਗੱਲਬਾਤ ਹੋਈ ਪਰ ਪਾਕਿਸਤਾਨ ਸਿਵਲ ਸਰਵਿਸ ਦੇ ਇਕ ਅਧਿਕਾਰੀ ਨਾਲ ਮਿਲਣਾ ਯਾਦ ਹੈ ਕਿਉਂਕਿ ਉਹ ਪਾਕਿਸਤਾਨੀ ਸਮਾਜ, ਸਮੱਸਿਆਵਾਂ ਤੇ ਚੁਨੌਤੀਆਂ ਬਾਰੇ ਬੜੀਆਂ ਤਰਕ ਸੰਗਤ ਗੱਲਾਂ ਕਰ ਰਹੇ ਸਨ। ਮੇਰੀ ਇੱਛਾ ਹੋਈ ਉਹਨਾਂ ਨਾਲ ਕਦੀ ਅੱਗੇ ਵੀ ਮੁਲਾਕਾਤ ਹੋਵੇ ਤਾਂ ਚੰਗਾ ਹੈ। ਪਰ ਬਾਅਦ ਵਿਚ ਇੰਜ ਨਹੀਂ ਹੋ ਸਕਿਆ।
ਰਫੀ ਪੀਰ ਕਲਚਰਲ ਸੈਂਟਰ ਇਕ ਅਦਭੁਤ ਜਗ੍ਹਾ ਲੱਗੀ। ਸਾਨੂੰ ਸਭ ਤੋਂ ਪਹਿਲਾਂ 'ਕਠਪੁਤਲੀ-ਸੰਗ੍ਰਹਿ-ਘਰ' ਦਿਖਾਇਆ ਗਿਆ ਜਿਸ ਵਿਚ ਸੰਸਾਰ ਭਰ ਦੀਆਂ ਲਗਭਗ ਪੰਜ ਹਜ਼ਾਰ ਕਠਪੁਤਲੀਆਂ ਸਨ। 1992 ਵਿਚ ਸਥਾਪਿਤ ਇਹ ਸੰਗ੍ਰਹਿ-ਘਰ ਸੰਭਵ ਹੈ ਸੰਸਾਰ ਦੇ ਗਿਣੇ-ਚੁਣੇ ਕਠਪੁਤਲੀ ਘਰਾਂ ਵਿਚ ਗਿਣਿਆ ਜਾਂਦਾ ਹੋਵੇ। ਇਸ ਦੀ ਸਾਂਭ-ਸੰਭਾਲ ਤੇ ਇੱਥੇ ਕਠਪੁਤਲੀ-ਕਲਾ ਸੰਬੰਧੀ ਭਰਪੂਰ ਜਾਣਕਾਰੀਆਂ ਹੋਣ ਕਰਕੇ ਇਸਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।
ਇਸੇ ਸੈਂਟਰ ਵਿਚ ਆਰਟ ਤੇ ਕਰਾਫਟ ਵਿਲੇਜ ਹੈ; ਪੀਰੂ ਕੈਫੇ ਹੈ ਜਿੱਥੇ ਲਾਹੌਰ ਦੇ ਮਜ਼ੇਦਾਰ ਖਾਣੇ ਦਾ ਜ਼ਾਯਕਾ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਆਉਂਦੇ ਨੇ। ਇਹ ਸੈਂਟਰ, ਨਾਟਕਾਂ ਦੇ ਅੰਤਰ-ਰਾਸ਼ਟਰੀ ਸਮਾਗਮ ਆਯੋਜਿਤ ਕਰਦਾ ਹੈ ਤੇ ਇਸਦਾ ਆਪਣਾ ਸਿਖਲਾਈ ਕੇਂਦਰ ਵੀ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਸਭ ਇਕ ਪਰਿਵਾਰ ਦਾ ਕਰਿਸ਼ਮਾ ਹੈ। ਇਸ ਵਿਚ ਕੋਈ ਸਰਕਾਰੀ ਜਾਂ ਅਰਧ-ਸਰਕਾਰੀ ਪੈਸਾ ਨਹੀਂ ਲੱਗਦਾ। ਲਾਹੌਰ ਵਿਚ ਅਜਿਹੇ ਕੁਝ ਗਰੁੱਪ ਹੋਰ ਵੀ ਹੈਨ, ਪਰ ਏਨੇ ਵਿਆਪਕ ਸਤਰ 'ਤੇ ਸਿਰਫ਼ 'ਰਫੀ ਪੀਰਜ਼ਾਦਾ ਸੈਂਟਰ' ਹੀ ਕ੍ਰਿਆਸ਼ੀਲ ਹੈ।
ਚਾਰ ਦਿਨ ਬਾਅਦ ਡੈਲੀਗੇਸ਼ਨ ਵਾਪਸ ਭਾਰਤ ਚਲਾ ਗਿਆ ਤੇ ਮੈਂ ਲਾਹੌਰ ਵਿਚ ਇਕੱਲਾ ਰਹਿ ਗਿਆ। ਮੈਂ ਖ਼ੁਸ਼ ਸੀ ਕਿ ਲਾਹੌਰ ਨੂੰ ਦੇਖਣ, ਸਮਝਣ, ਬੁੱਝਣ ਦਾ ਕੰਮ ਹੁਣ ਸ਼ੁਰੂ ਹੋਵੇਗਾ। ਇਹ ਸੋਚ ਰਿਹਾ ਸੀ—'ਸ਼ੁਰੂਆਤ ਕਿੱਥੋਂ ਕੀਤੀ ਜਾਵੇ।' ਮੇਰੀ ਪਸੰਦ ਦਾ ਕੰਮ ਹੈ, ਸੜਕਾਂ ਨਾਪਨਾਂ। ਸਵੇਰ ਦੇ ਛੇ ਵੱਜੇ ਸਨ। ਮੈਂ ਸ਼ਹਿਰ ਤੋਂ ਅਣਜਾਣ ਸਾਂ, ਪਰ ਗੈਸਟ ਹਾਊਸ ਵਿਚੋਂ ਨਿਕਲ ਕੇ ਇਕ ਮੁਖ ਸੜਕ ਉੱਤੇ ਆ ਗਿਆ ਤੇ ਪੈਦਲ ਮਾਰਚ ਸ਼ੁਰੂ ਕਰ ਦਿੱਤੀ। ਇਧਰ-ਉਧਰ ਦੇਖਦਾ ਰਿਹਾ। ਪਰ ਸਵੇਰੇ-ਸਵੇਰੇ ਸਿਵਾਏ ਇਮਾਰਤਾਂ ਦੇ ਕੁਝ ਦੇਖਣ ਵਾਲਾ ਨਹੀਂ ਸੀ, ਇਸ ਲਈ ਉਹੀ ਦੇਖਦਾ ਚੌਰਾਹੇ ਦੇ ਇਕ ਬਾਜ਼ਾਰ ਤਕ ਆ ਗਿਆ। ਦੁਕਾਨਾਂ ਅਜੇ ਖੁੱਲ੍ਹੀਆਂ ਨਹੀਂ ਸਨ। ਪਰ ਸੜਕ ਦੇ ਕਿਨਾਰੇ ਚਾਹ ਵਾਲੇ ਖੋਖੇ ਖੁੱਲ੍ਹੇ ਸਨ। ਇਕ ਚਾਹ ਪੀਣ ਪਿੱਛੋਂ ਸੋਚਿਆ ਚਲੋ ਪੁਰਾਣੇ ਲਾਹੌਰ ਚੱਲਦੇ ਹਾਂ, ਸਟੇਸ਼ਟ ਕੋਲ ਉਤਰ ਕੇ ਆਸਪਾਸ ਦਾ ਇਲਾਕਾ ਦੇਖਦੇ ਹਾਂ। ਤੇ ਹੋ ਸਕਿਆ ਤਾਂ ਲਾਹੌਰ ਦਾ ਨਕਸ਼ਾ ਖਰੀਦਦੇ ਹਾਂ। ਚਲੋ ਖ਼ੈਰ, ਇਕ ਆਟੋ ਵਾਲੇ ਨੂੰ ਕਿਹਾ ਕਿ 'ਰੇਲਵੇ ਸਟੇਸ਼ਨ ਚਲਣਾ ਏਂ ਕੀ ਲਓਗੇ?' ਪਤਾ ਨਹੀਂ ਕਿਹੋ-ਜਿਹਾ ਆਟੋ ਵਾਲਾ ਸੀ ਕਿ ਉਸਨੂੰ ਪਤਾ ਨਹੀਂ ਸੀ ਬਈ ਉੱਥੋਂ ਸਟੇਸ਼ਨ ਦਾ ਕਿਰਾਇਆ ਕਿੰਨਾ ਬਣਦਾ ਹੈ! ਇਕ ਦੋ ਹੋਰ ਲੋਕਾਂ ਨੂੰ ਪੁੱਛ ਕੇ ਉਸਨੇ ਡੇਢ ਸੌ ਰੁਪਏ ਦੱਸਿਆ। ਮੈਂ ਤਿਆਰ ਹੋ ਗਿਆ। ਪਰ ਮੈਂ ਪੁੱਛਿਆ, “ਭਰਾ ਤੈਨੂੰ ਇਹ ਤਾਂ ਪਤਾ ਏ ਨਾ ਬਈ ਲਾਹੌਰ ਦਾ ਰੇਲਵੇ ਸਟੇਸ਼ਨ ਹੈ ਕਿੱਥੇ?” ਉਹ ਕੁਝ ਸ਼ਰਮਿੰਦਾ ਹੋਇਆ ਤੇ ਬੋਲਿਆ, “ਹਾਂ, ਪਤਾ ਏ ਜੀ।”
ਸਟੇਸ਼ਨ ਦੇ ਆਸਪਾਸ ਘੁੰਮਣ, ਤਸਵੀਰਾਂ ਖਿੱਚਣ ਪਿੱਛੋਂ ਮੈਂ ਪੁੱਛਦਾ-ਪੁੱਛਦਾ ਦਿੱਲੀ ਗੇਟ ਵਲ ਵਧਣ ਲੱਗਾ। ਨਵਾਂ ਲਾਹੌਰ ਜਿੰਨਾ ਪਾਸ਼ ਹੈ, ਪੁਰਾਣਾ ਲਾਹੌਰ ਓਨਾ ਹੀ ਗੰਦਾ ਹੈ। ਉਹੀ ਦਿੱਲੀ ਵਾਲਾ ਹਾਲ। ਖ਼ੈਰ ਜੀ, ਅਚਾਨਕ ਮਹਿਸੂਸ ਕੀਤਾ ਕਿ ਗਿਆਰਾਂ ਵੱਜ ਗਏ ਨੇ ਤੇ ਦੁਕਾਨਾਂ ਹੁਣ ਤਕ ਬੰਦ ਨੇ। ਪੁੱਛਣ 'ਤੇ ਪਤਾ ਲੱਗਾ ਕਿ ਅੱਜ 'ਈਦ ਮਿਲਾਦੁੱਨਬੀ' ਦੀ ਛੁੱਟੀ ਹੈ ਤੇ ਪੂਰਾ ਸ਼ਹਿਰ ਬੰਦ ਹੈ। ਇਸਦਾ ਸਿੱਧਾ ਮਤਲਬ ਇਹ ਸੀ ਕਿ ਕੁਛ ਨਹੀਂ ਮਿਲੇਗਾ। ਮੈਂ ਗੈਸਟ ਹਾਊਸ ਆਉਣ ਦੀ ਤਿਆਰੀ ਕੀਤੀ ਤੇ ਇਕ ਮਿਨੀ ਬਸ ਵਿਚ ਬੈਠ ਗਿਆ, ਜਿਸਨੇ ਅੱਧੇ ਰਸਤੇ ਜਾਂ ਮਾਲ ਰੋਡ ਉੱਤੇ ਉਤਾਰ ਦਿੱਤਾ। ਇੱਥੋਂ ਗੈਸਟ ਹਾਊਸ ਪੰਜ ਛੇ ਕਿਲੋਮੀਟਰ ਸੀ। ਮਾਲ ਰੋਡ ਵੀ ਬੰਦ ਸੀ। ਹੁਣ ਦਿਨ ਦਾ ਇਕ ਵੱਜ ਚੱਲਿਆ ਸੀ ਤੇ ਢਿੱਡ ਕੁਝ ਮੰਗ ਰਿਹਾ ਸੀ, ਪਰ ਮਾਲ ਰੋਡ ਦੇ ਸ਼ਾਨਦਾਰ ਰੇਸਤਰਾਂ ਬੰਦ ਸਨ। ਇਹ ਹੋ ਨਹੀਂ ਸਕਦਾ ਕਿ ਕੁਝ ਨਾ ਖਾਧਾ ਜਾਵੇ। ਜਿੱਥੇ ਠਹਿਰਾਇਆ ਗਿਆ ਸੀ, ਉੱਥੇ ਖਾਣੇ ਵਗ਼ੈਰਾ ਦਾ ਕੋਈ ਇੰਤਜ਼ਾਮ ਨਹੀਂ ਸੀ। ਇੰਜ ਲੱਗਣ ਲੱਗਾ—ਆਪਣੇ ਮਜ਼ੇਦਾਰ ਖਾਣਿਆ ਲਈ ਮਸ਼ਹੂਰ ਲਾਹੌਰ ਵਿਚ ਭੁੱਖੇ ਢਿੱਡ ਰਹਿਣਾ ਪਵੇਗਾ।
ਅਚਾਨਕ ਸੜਕ ਦੇ ਦੂਜੇ ਪਾਸੇ ਨੁੱਕਰ 'ਤੇ ਇਕ ਛੋਟੀ ਜਿਹੀ ਦੁਕਾਨ ਖੁੱਲ੍ਹੀ ਵੇਖੀ। ਇਹ ਫਰੂਟ ਜੂਸ, ਕੇਕ ਪੇਸਟਰੀ ਵਗ਼ੈਰਾ ਦੀ ਦੁਕਾਨ ਸੀ। ਮੈਂ ਇੱਲ੍ਹ ਵਾਂਗ ਝਪਟਿਆ ਤੇ ਅੱਖ ਦੇ ਫੋਰੇ ਵਿਚ ਉੱਥੇ ਪਹੁੰਚ ਗਿਆ। ਇਕ ਪੱਕੀ ਉਮਰ ਦੇ ਦੁਕਾਨਦਾਰ ਨੇ ਮੈਨੂੰ ਦੇਖਿਆ। ਬੜੀ ਅਜੀਬ ਗੱਲ ਹੈ ਕਿ ਚਿਹਰੇ-ਮੋਹਰੇ ਦੀ ਭਾਸ਼ਾ ਸਭ ਕੁਝ ਬਿਆਨ ਕਰ ਦੇਂਦੀ ਹੈ। ਉਹ ਸਮਝ ਗਿਆ ਕਿ ਮੈਂ 'ਇਧਰ' ਦਾ ਨਹੀਂ ਹਾਂ, ਤੇ ਮੈਂ ਵੀ ਜ਼ਰੂਰੀ ਸਮਝਿਆ ਕੁਝ ਛੁਪਾਵਾਂ ਕਿਉਂ?
ਕੋਲਡ ਡਰਿੰਕ ਨਾਲ ਸੈਂਡਵਿਚ ਖਾਣੇ ਸ਼ੁਰੂ ਕੀਤੇ। ਇਕ ਕੋਈ ਹੋਰ ਆਦਮੀ ਆ ਗਿਆ।
“ਤਾਂ ਜੀ ਤੁਸੀਂ ਦਿੱਲੀ ਤੋਂ ਆਏ ਓ?” ਉਹ ਪੰਜਾਬੀਆਂ ਵਰਗੀ ਹਿੰਦੀ/ ਉਰਦੂ ਬੋਲਿਆ, ਜਿਹੜੀ ਮੇਰੇ ਲਈ ਦਿੱਲੀ ਵਿਚ ਰਹਿਣ ਕਰਕੇ ਕੋਈ ਓਪਰੀ ਗੱਲ ਨਹੀਂ ਸੀ।
“ਹਾਂ ਜੀ,” ਮੈਂ ਵੀ ਪੰਜਾਬੀ ਢੰਗ ਨਾਲ ਹੀ ਜਵਾਬ ਦਿੱਤਾ।
“ਕੀ ਹਾਲ ਐ ਓਧਰ?” ਉਹ ਬੋਲਿਆ।
“ਠੀਕ ਐ...ਸਾਡੇ ਵੱਲ ਤਾਂ ਵਪਾਰੀ ਤੇ ਬਿਜਨੇਸ ਕਰਨ ਵਾਲੇ ਬੜੇ ਵਧ-ਫੁੱਲ ਰਹੇ ਨੇ।” ਮੈਂ ਕਿਹਾ।
“ਖੰਡ ਦਾ ਕੀ ਭਾਅ ਐ?” ਉਸ ਨਵੇਂ ਆਦਮੀ ਨੇ ਪੁੱਛਿਆ ਜਿਹੜਾ ਆ ਕੇ ਖੜ੍ਹਾ ਹੋ ਗਿਆ ਸੀ।
ਮੈਂ ਪ੍ਰੇਸ਼ਾਨ ਹੋ ਗਿਆ, ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਦਿੱਲੀ ਵਿਚ ਖੰਡ ਦਾ ਕੀ ਭਾਅ ਹੈ। ਚਲੋ ਖ਼ੈਰ, ਕੁਛ ਤਾਂ ਦੱਸਣਾ ਹੀ ਸੀ। ਮੈਂ ਅੰਦਾਜ਼ੇ ਨਾਲ ਜੋ ਦੱਸਿਆ, ਉਹ ਏਨਾ ਗ਼ਲਤ ਸੀ ਕਿ ਉਹ ਦੋਵੇਂ ਕਹਿਣ ਲੱਗੇ ਇੰਜ ਤਾਂ ਹੋ ਹੀ ਨਹੀਂ ਸਕਦਾ। ਮੈਂ ਫ਼ੌਰਨ ਆਪਣੀ ਹਾਰ ਮੰਨ ਲਈ, ਕਿਉਂਕਿ ਮੈਨੂੰ ਕੁਛ ਪਤਾ ਹੀ ਨਹੀਂ ਸੀ।
“ਬਸ ਜੀ, ਅਸੀਂ ਲੋਕ ਤਾਂ ਅਮਨ ਚਾਹੁੰਦੇ ਆਂ।” ਦੁਕਾਨਦਾਰ ਬੋਲਿਆ।
“ਅਸੀਂ ਵੀ ਅਮਨ ਚਾਹੁੰਦੇ ਆਂ...ਹਿੰਦੁਸਤਾਨ ਵਿਚ ਹੁਣ ਕਿਸੇ ਨੂੰ ਪਾਕਿਸਤਾਨ ਨਾਲ ਦੁਸ਼ਮਣੀ ਨਹੀਂ ਏਂ।” ਮੈਂ ਕਿਹਾ।
“ਅੱਛਾ ਜੀ...ਇੰਜ ਏ...ਇਹ ਤਾਂ ਕਹਿੰਦੇ ਨੇ...ਹਿੰਦੁਸਤਾਨ ਪਾਕਿਸਤਾਨ ਨੂੰ ਮਿਟਾਅ ਦੇਣਾ ਚਾਹੁੰਦਾ ਏ।”
“ਓ-ਜੀ, ਹਿੰਦੁਸਤਾਨ ਵਿਚ ਖ਼ੁਦ ਹੀ ਏਨੇ ਮਸਲੇ ਨੇ ਕਿ ਉਹ ਕਿਸੇ ਹੋਰ ਨੂੰ ਮਿਟਾਉਣ ਬਾਰੇ ਕੀ ਸੋਚੇਗਾ।” ਮੈਂ ਕਿਹਾ।
“ਹਾਂ ਇਹ ਤਾਂ ਠੀਕ ਐ।” ਦੁਕਾਨਦਾਰ ਨੇ ਕਿਹਾ।
“ਦੇਖੋ ਜੀ ਹੁਣ ਤਾਂ ਜਿਵੇਂ ਐਂ, ਤਿਵੇਂ ਮੰਨ ਲੈਣਾ ਚਾਹੀਦਾ ਐ।” ਤੀਜਾ ਆਦਮੀ ਬੋਲਿਆ।
ਕੁਝ ਛਿਣ ਬਾਅਦ ਸਾਡੀ ਗੱਲਬਾਤ ਸ਼ਾਂਤੀ ਵਾਰਤਾ ਵਿਚ ਬਦਲ ਗਈ। ਮੈਂ ਖਾ-ਪੀ ਕੇ ਪੈਸੇ ਦੇਣੇ ਚਾਹੇ ਤਾਂ ਦੁਕਾਨਦਾਰ ਬੋਲੇ, “ਨਹੀਂ ਜੀ, ਤੁਸੀਂ ਮਹਿਮਾਨ ਓ...ਤੁਹਾਤੋਂ ਕੀ ਲੈਣੇ।”
“ਦੇਖੋ ਜੀ, ਕੁਛ ਤਾਂ ਲੈ ਲਓ। ਇਹ ਸਭ ਤੁਹਾਡੇ ਘਰ ਤਾਂ ਬਣਦਾ ਨਹੀਂ।”
“ਨਹੀ ਜੀ ਨਹੀਂ...ਇੰਜ ਐ, ਤੁਹਾਨੂੰ ਇੰਡੀਆ ਵਿਚ ਕੋਈ ਪਾਕਿਸਤਾਨੀ ਮਿਲੇ ਤਾਂ ਉਸਨੂੰ 'ਠੰਡਾ' ਪਿਲਾਅ ਦੇਣਾ।” ਉਹ ਬੋਲੇ।
“ਹਾਂ-ਹਾਂ ਕਿਉਂ ਨਹੀਂ।” ਮੈਂ ਕਿਹਾ।
“ਤੁਸੀਂ ਠਹਿਰੇ ਕਿੱਥੇ ਓ?”
“ਗੁਲਬਰਗ ਵਿਚ...?”
“ਕਿੰਜ ਜਾਓਗੇ?...ਅੱਜ ਤਾਂ ਛੁੱਟੀ ਐ। ਆਟੋ ਵੀ ਨਹੀਂ ਮਿਲੇਗਾ।”
“ਦੇਖਾਂਗੇ।” ਮੈਂ ਕਿਹਾ।
“ਨਹੀਂ...ਮੇਰਾ...ਪੁੱਤਰ ਛੱਡ ਆਏਗਾ।”
ਉਹਨਾਂ ਦਾ ਪੁੱਤਰ ਆਇਆ। ਗੱਡੀ ਕੱਢੀ ਤੇ ਮੈਨੂੰ ਗੈਸਟ ਹਾਊਸ ਤਕ ਛੱਡ ਗਿਆ...ਇਹ ਵੀ ਕਿਹਾ ਕਿ ਇਹ ਫੋਨ ਨੰਬਰ ਏ, ਜੇ ਕਦੀ ਕਿਤੇ ਜਾਣ ਹੋਵੇ...ਬਿਨਾਂ ਝਿਜਕ ਫੋਨ ਕਰ ਦੇਣਾ।
ਡੈਲੀਗੇਸ਼ਨ ਦੇ ਚਲੇ ਜਾਣ ਪਿੱਛੋਂ ਮੈਂ ਇਕੱਲਾ ਰਹਿ ਗਿਆ ਸਾਂ, ਪਰ ਮੇਰੀ ਚਿੰਤਾ 'ਮੋਹਾਫ਼ਿਜ਼' ਨੂੰ ਹੈ ਸੀ। ਅਗਲੇ ਦਿਨ ਉਹ ਸਵੇਰੇ ਸਵੇਰੇ ਆਏ ਤੇ ਪੁੱਛਿਆ ਕਿ ਹੁਣ ਮੇਰਾ ਕੀ ਪ੍ਰੋਗਰਾਮ ਏਂ? ਮੈਂ ਦੱਸਿਆ ਕਿ ਲਾਹੌਰ ਘੁੰਮਣਾ ਹੈ, ਕੁਝ ਲੋਕਾਂ ਨੂੰ ਮਿਲਣਾ ਹੈ ਤੇ ਉਸ ਪਿੱਛੋਂ ਮੁਲਤਾਨ ਜਾਣਾ ਹੈ। ਉਹਨਾਂ ਮੇਰਾ ਪਾਸਪੋਰਟ ਦੇਖਣ ਦੀ ਇੱਛਾ ਜ਼ਾਹਰ ਕੀਤੀ ਤੇ ਮੈਂ ਆਪਣਾ ਪਾਸਪੋਰਟ ਦਿਖਾਇਆ, ਜਿਸ ਉੱਤੇ ਲਾਹੌਰ ਦੇ ਨਾਲ-ਨਾਲ ਮੁਲਤਾਨ ਤੇ ਕਰਾਚੀ ਦੇ ਨਾਮ ਵੀ ਦਰਜ ਸਨ। ਪਾਕਿਸਤਾਨ ਵਿਚ ਮੈਂ 45 ਦਿਨ ਠਹਿਰ ਸਕਦਾ ਸਾਂ। ਪਾਸਪੋਰਟ ਦੀ ਫੋਟੋ ਕਾਪੀ ਲੈਣ ਪਿੱਛੋਂ ਮੋਹਾਫ਼ਿਜ਼ ਸਾਹਬ ਨੇ ਵਿਸਥਾਰ ਨਾਲ ਜਾਣਨਾ ਚਾਹਿਆ ਕਿ ਮੈਂ ਲਾਹੌਰ ਵਿਚ ਕੀ ਕਰਾਂਗਾ? ਮੈਂ ਉਹਨਾਂ ਦੀ ਪ੍ਰੇਸ਼ਾਨੀ ਸਮਝ ਗਿਆ। ਉਹਨਾਂ ਮੇਰੇ ਬਾਰੇ ਵਿਚ ਅਫ਼ਸਰਾਂ ਨੂੰ ਰਿਪੋਰਟ ਦੇਣੀ ਸੀ। ਮੈਂ ਉਹਨਾਂ ਦੇ ਕੰਮ ਨੂੰ ਆਸਾਨ ਬਣਾਉਣ ਲਈ ਕਿਹਾ ਕਿ ਤੁਸੀਂ ਮੈਨੂੰ ਆਟੋ ਰਿਕਸ਼ਾ ਪੂਰੇ ਦਿਨ ਲਈ ਦਿਵਾਅ ਦਿਓ। ਜਿਹੜੇ ਪੈਸੇ ਹੋਣਗੇ ਮੈਂ ਦਿਆ ਕਰਾਂਗਾ। ਗੱਲ ਮੋਹਾਫ਼ਿਜ਼ ਸਾਹਬ ਦੀ ਸਮਝ ਵਿਚ ਆ ਗਈ। ਜ਼ਾਹਰ ਹੈ ਆਟੋ ਰਿਕਸ਼ਾ ਵਾਲਾ ਉਹਨਾਂ ਦਾ 'ਬੰਦਾ' ਹੋਣਾ ਸੀ ਤੇ ਹਰ ਸ਼ਾਮ ਉਹਨਾਂ ਨੂੰ ਪੱਕੀ ਰਿਪੋਰਟ ਮਿਲ ਜਾਣੀ ਸੀ ਕਿ ਮੈਂ ਪੂਰਾ ਦਿਨ ਕੀ-ਕੀ ਕੀਤਾ।
ਅਗਲੇ ਦਿਨ ਸਵੇਰੇ ਸਜਿਆ-ਸਜਾਇਆ ਆਟੋ ਰਿਕਸ਼ਾ ਆ ਗਿਆ। ਇੱਥੇ ਇਹ ਦੱਸ ਦਿਆਂ ਕਿ ਪਾਕਿਸਤਾਨ ਦੇ ਡਾਈਵਰ, ਖਾਸ ਤੌਰ 'ਤੇ ਬੱਸਾਂ, ਟਰਕਾਂ ਤੇ ਆਟੋ ਰਿਕਸ਼ਾ ਦੇ ਡਰਾਈਵਰ, ਆਪਣੀਆਂ ਗੱਡੀਆਂ ਦੀ ਸਜਾਵਟ ਉੱਤੇ ਬੜਾ ਧਿਆਨ ਦੇਂਦੇ ਨੇ। ਟਰਕਾਂ, ਬੱਸਾਂ ਉੱਤੇ ਅਜਿਹੀ ਚਿੱਤਰਕਾਰੀ, ਸਜਾਵਟ, ਅਜਿਹੇ ਰੰਗ-ਬਿਰੰਗੇ ਫੁੱਲ-ਪੱਤੀਆਂ ਦੇ ਨਮੂਲੇ ਬਣੇ ਹੁੰਦੇ ਨੇ ਕਿ ਦੇਖਦੇ ਹੀ ਰਹੀਏ। ਮੈਂ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਖਿੱਚੀਆਂ—ਪਰ ਜਿਵੇਂ ਚਾਹੁੰਦਾ ਸਾਂ ਓਵੇਂ ਨਹੀਂ ਸੀ ਖਿੱਚ ਸਕਿਆ। ਖ਼ੈਰ, ਤਾਂ ਸ਼ੌਕਤ ਦਾ ਆਟੋ ਰਿਕਸ਼ਾ ਸਜਿਆ-ਧਜਿਆ ਸੀ। ਸ਼ੌਕਤ ਦੀ ਉਮਰ ਇਹੋ ਕੋਈ ਵੀਹ ਦੇ ਆਸਪਾਸ ਹੋਵੇਗੀ, ਪਤਲੂ ਜਿਹਾ ਸਰੀਰ, ਚਿਹਰੇ 'ਤੇ ਕਾਲੀ ਖ਼ਸ਼ਖ਼ਸੀ ਦਾੜ੍ਹੀ ਤੇ ਸਲਵਾਰ ਕਮੀਜ਼ ਵਿਚ ਸ਼ੌਕਤ ਪੱਕਾ ਆਟੋ ਡਰਾਈਵਰ ਲੱਗਦਾ ਸੀ। ਆਟੇ ਦੇ ਅੰਦਰ ਵੀ ਉਸਨੇ ਤਰ੍ਹਾਂ-ਤਰ੍ਹਾਂ ਦੇ ਧਾਰਮਕ ਸਟਿੱਕਰ ਲਾਏ ਹੋਏ ਸਨ। ਉਹਨਾਂ ਵਿਚੋਂ ਕੁਝ ਨੂੰ ਦੇਖ ਕੇ ਮੈਨੂੰ ਸ਼ੱਕ ਹੋਇਆ ਕਿ ਸ਼ੌਕਤ ਸ਼ਾਇਦ ਸ਼ੀਆ ਮੁਸਲਮਾਨ ਹੈ—ਪਰ ਮੈਂ ਪੁੱਛਣਾ ਠੀਕ ਨਹੀਂ ਸਮਝਿਆ।
ਲਾਹੌਰ ਦੀ ਸ਼ਾਹੀ ਮਸਜਿਦ ਤੇ ਕਿਲੇ ਦਾ ਫਾਟਕ ਦੇਖਣ ਤੋਂ ਬਾਅਦ ਗੁਰੂਦੁਆਰਾ ਡੇਰਾ ਸਾਹਿਬ, ਲਾਹੌਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ 'ਤੇ ਆਪਣੇ ਆਟੋ ਰਿਕਸ਼ਾ ਵਾਲੇ ਮੀਆਂ ਸ਼ੌਕਤ ਦੇ ਨਾਲ ਗਿਆ। ਗੁਰੂਦੁਆਰੇ ਦੇ ਗੇਟ 'ਤੇ ਹੀ ਤਿੰਨ-ਚਾਰ ਜਣੇ ਫੋਲਡਿੰਗ ਕੁਰਸੀਆਂ ਉੱਤੇ ਬੈਠੇ ਹੋਏ ਸਨ। ਫਾਟਕ ਬੰਦ ਸੀ। ਸਿਪਾਹੀ ਪਹਿਰਾ ਦੇ ਰਹੇ ਸਨ। ਲੱਗਦਾ ਸੀ ਗੁਰੂਦੁਆਰਾ ਸਾਰਿਆਂ ਲਈ ਨਹੀਂ ਸੀ ਖੁੱਲ੍ਹਾ। ਮੈਂ ਕਿਹਾ, “ਮੈਂ ਗੁਰੂਦੁਆਰਾ ਦੇਖਣਾ ਚਾਹੁੰਣਾ।”
“ਤੁਸੀਂ ਕਿੱਥੋਂ ਆਏ ਓ?” ਕਿਸੇ ਕਰਮਚਾਰੀ ਨੇ ਪੁੱਛਿਆ।
“ਇੰਡੀਆ ਤੋਂ।”
“ਆਪਣਾ ਪਾਸਪੋਰਟ ਦਿਖਾਓ।”
ਮੈਂ ਆਪਣਾ ਪਾਸਪੋਰਟ ਦੇ ਦਿੱਤਾ। ਛੋਟੇ ਕਰਮਚਾਰੀਆਂ ਦੇ ਹੱਥੋਂ ਹੁੰਦਾ ਹੋਇਆ ਇਹ ਇਕ ਵੱਡੇ ਕਰਮਚਾਰੀ, ਜਿਹੜੇ ਥੋੜ੍ਹੀ ਵੱਡੀ ਕੁਰਸੀ 'ਤੇ ਬੈਠੇ ਸਨ, ਕੋਲ ਪਹੁੰਚਿਆ। ਉਹ ਧਿਆਨ ਨਾਲ ਪਾਸਪੋਰਟ ਦੇਖਦੇ ਰਹੇ ਤੇ ਫੇਰ ਬੋਲੇ, “ਤੁਸੀਂ ਸੱਯਦ ਓ...” ਪਾਸਪੋਰਟ ਉੱਤੇ ਮੇਰਾ ਪੂਰਾ ਨਾਂ ਸੱਯਦ ਅਸਗ਼ਰ ਵਜਾਹਤ ਲਿਖਿਆ ਹੈ।
“ਜੀ ਹਾਂ।” ਮੈਂ ਕਿਹਾ।
ਹੁਣ ਦੂਜੇ ਪਲ ਜੋ ਹੋਇਆ, ਉਸ ਨਾਲ ਮੈਂ ਬੌਂਦਲ-ਜਿਹਾ ਗਿਆ। ਪ੍ਰਬੰਧਕ ਉੱਠੇ ਤੇ ਮੇਰੇ ਨਾਲ ਲਿਪਟ ਗਏ। ਬੋਲੇ, “ਬਈ ਸੱਯਦ ਸਾਹਬ...ਤੁਸੀਂ ਇੱਥੇ ਤਸ਼ਰੀਫ਼ ਲਿਆਏ ਇਹ ਤਾਂ ਬੜੀ ਖ਼ੁਸ਼ਕਿਸਮਤੀ ਵਾਲੀ ਗੱਲ ਏ।” ਉਹ ਇਸੇ ਤਰ੍ਹਾਂ ਦੇ ਹੋਰ ਵੀ ਕਈ ਵਾਕ ਬੋਲਦੇ ਰਹੇ। ਮੈਂ ਹੈਰਾਨ ਕਿ ਇਹ ਕੀ ਹੋ ਗਿਆ! ਸੱਯਦ ਸ਼ਬਦ ਵਿਚ ਅਜਿਹਾ ਕੀ ਜਾਦੂ ਏ, ਜਿਹੜਾ ਮੋਹਿਤ ਕਰ ਰਿਹਾ ਹੈ!
ਪਿੱਛੋਂ ਪਤਾ ਲੱਗਾ ਕਿ ਸੱਯਦਾਂ ਭਾਵ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਬ ਦੇ ਵੰਸ਼ ਵਾਲਿਆਂ ਦਾ ਪਾਕਿਸਤਾਨ ਵਿਚ ਬੜਾ ਮਹੱਤਵ ਹੈ। ਪਹਿਲੀ ਗੱਲ ਤਾਂ ਇਹ ਕਿ ਸੱਯਦ ਹੋਣ ਕਰਕੇ ਹੀ, ਕੱਟੜ ਮੁਸਲਿਮ ਸਮਾਜ ਵਿਚ, ਕਿਸੇ ਆਦਮੀ ਦੀ ਹੈਸੀਅਤ ਉੱਚੀ ਹੋ ਜਾਂਦੀ ਹੈ। ਦੂਜੀ ਇਹ ਕਿ ਪਾਕਿਸਤਾਨੀ ਰਾਜਨੀਤੀ, ਸੈਨਾ, ਉਦਯੋਗ, ਵਪਾਰ ਆਦਿ ਖੇਤਰਾਂ ਵਿਚ ਸੱਯਦਾਂ ਦਾ ਬੋਲਬਾਲਾ ਹੈ।
ਗੁਰੂਦੁਆਰਾ ਡੇਰਾ ਸਾਹਿਬ ਦੇ ਪ੍ਰਬੰਧਕ ਨੇ ਮੈਨੂੰ ਕਿਹਾ ਕਿ ਮੈਂ ਚੰਗੀ ਤਰ੍ਹਾਂ ਗੁਰੂਦੁਆਰਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਦੇਖ ਸਕਦਾ ਹਾਂ। ਜਦਕਿ ਉੱਥੋਂ ਦੇ ਨਿਯਮਾਂ ਅਨੁਸਾਰ ਕਿਸੇ ਗ਼ੈਰ-ਸਿਖ ਜਾਂ ਗ਼ੈਰ-ਹਿੰਦੂ ਨੂੰ ਗੁਰੂਦੁਆਰੇ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੈ। ਪਰ ਮੇਰੇ ਨਾਲ ਦੋ ਗਾਰਡ ਭੇਜ ਦਿੱਤੇ ਗਏ। ਮੈਂ ਜੋ ਕਹਿੰਦਾ ਉਹ ਦਿਖਾਉਂਦੇ ਜਾਂਦੇ। ਫੋਟੋ ਲੈਣ ਦੀ ਪੂਰੀ ਇਜਾਜ਼ਤ ਸੀ।
ਗੁਰੂਦੁਆਰਾ ਤੇ ਸਮਾਧੀ ਦੇਖਣ ਪਿੱਛੋਂ ਮੈਨੂੰ ਪ੍ਰਬੰਧਕ ਦੇ ਦਫ਼ਤਰ ਵਿਚ ਲਿਆਂਦਾ ਗਿਆ। ਪ੍ਰਬੰਧਕ ਹੁਰਾਂ ਬੜੇ ਪ੍ਰੇਮ ਨਾਲ ਚਾਹ ਮੰਗਵਾਈ। ਗੱਲਾਂਬਾਤਾਂ ਹੋਣ ਲੱਗੀਆਂ। ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਬਣਨ ਪਿੱਛੋਂ ਸਰਕਾਰ ਨੇ ਹਿੰਦੂ ਮੰਦਰਾਂ ਤੇ ਸਿਖ ਗੁਰੂਦੁਆਰਿਆਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ਸੀ। ਹੁਣ ਵੀ ਇਹਨਾਂ ਜਗਾਹਾਂ ਦੀ ਦੇਖਭਾਲ ਤੇ ਸੁਰੱਖਿਆ ਪਾਕਿਸਤਾਨ ਸਰਕਾਰ ਕਰਦੀ ਹੈ। ਪੂਜਾ ਪਾਠ ਦਾ ਕੰਮ ਉਸੇ ਧਰਮ ਦੇ ਪੁਜਾਰੀ ਵਗ਼ੈਰਾ ਵਗ਼ੈਰਾ ਕਰਦੇ ਨੇ। ਮੈਂ ਗੁਰੂਦੁਆਰੇ ਵਿਚ ਵੀ ਤਿੰਨ ਚਾਰ ਸਿਖ ਦੇਖੇ ਸਨ।
ਪ੍ਰਬੰਧਕ ਨੇ ਦੱਸਿਆ ਕਿ ਸਾਲ ਵਿਚ ਇਕ ਵਾਰ ਪੂਰੀ ਦੁਨੀਆਂ ਵਿਚੋਂ ਸਿਖ ਕੌਮ ਦੇ ਲੋਕ ਇੱਥੇ ਆਉਂਦੇ ਨੇ। ਬੜਾ ਵੱਡਾ ਇਕੱਠ ਹੁੰਦਾ ਹੈ। ਪ੍ਰਬੰਧਕ ਨੇ ਦੱਸਿਆ ਕਿ ਗੁਰੂਮੁਖੀ ਲਿੱਪੀ ਜਾਣਦੇ ਹਾਂ ਤੇ ਹਿੰਦੀ ਲਿੱਪੀ ਸਿੱਖਣ ਨੂੰ ਬੜਾ ਮਨ ਕਰਦਾ ਹੈ, ਪਰ ਲਾਹੌਰ ਵਿਚ ਇਸਦਾ ਕੋਈ ਇੰਤਜ਼ਾਮ ਨਹੀਂ ਹੈ। ਮੈਥੋਂ ਹਿੰਦੀ ਲਿੱਪੀ ਬਾਰੇ ਕੁਝ ਪੁੱਛਦੇ ਰਹੇ। ਮੈਂ ਜਿੰਨਾ ਦੱਸ ਸਕਿਆ, ਦੱਸ ਦਿੱਤਾ।
ਪ੍ਰਬੰਧਕ ਨੇ ਕਿਹਾ ਕਿ ਉਹ ਆਪਣੇ ਅਧਿਕਾਰੀ, ਜਿਹੜੇ ਪਾਕਿਸਤਾਨ ਸਿਵਲ ਸਰਵਿਸ ਦੇ ਵੱਡੇ ਅਧਿਕਾਰੀ ਸਨ, ਨਾਲ ਫੋਨ ਉੱਤੇ ਮੇਰੀ ਗੱਲ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਉਹਨਾਂ ਦੇ ਇਹ ਅਧਿਕਾਰੀ ਵੀ ਸੱਯਦ ਨੇ ਤੇ ਉਹਨਾਂ ਦਾ ਪਰਿਵਾਰ ਵੰਡ ਵੇਲੇ ਅਲੀਗੜ੍ਹ ਤੋਂ ਇੱਥੇ ਆਇਆ ਸੀ। ਉਹਨਾਂ ਨੇ ਆਪਣੇ ਅਧਿਕਾਰੀ ਜ਼ੈਦੀ ਸਾਹਬ ਨੂੰ ਫੋਨ ਕੀਤਾ ਤੇ ਬੜੇ ਆਦਰ, ਨਿਮਰਤਾ ਤੇ ਸਨਮਾਨ ਨਾਲ ਗੱਲ ਕਰਨ ਲੱਗੇ। ਮੇਰੇ ਬਾਰੇ ਵਿਚ ਦੱਸਿਆ। ਪਰ ਸ਼ਾਇਦ ਅਧਿਕਾਰੀ ਨੇ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਪ੍ਰਬੰਧਕ ਨੇ ਕਿਹਾ ਕਿ ਉਹ ਹੁਣੇ ਕਿਤੇ ਜਾ ਰਹੇ ਨੇ, ਬਾਅਦ ਵਿਚ ਗੱਲ ਕਰਨਗੇ। ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜ਼ੈਦੀ ਸਾਹਬ ਦੇ ਪਿਤਾ ਜੀ ਅਲੀਗੜ੍ਹ ਜਾਣਾ ਚਾਹੁੰਦੇ ਨੇ। ਜਦੋਂ ਦੇ ਉਹ ਇੱਥੇ ਆਏ ਨੇ ਉਦੋਂ ਦੇ ਅਲੀਗੜ੍ਹ, ਆਪਣੇ ਵਤਨ ਨਹੀਂ ਗਏ। ਹੁਣ ਉਹਨਾਂ ਦੀ ਉਮਰ ਅੱਸੀ ਸਾਲ ਤੋਂ ਉਪਰ ਹੈ। ਉਹਨਾਂ ਦੇ ਬੇਟੇ ਯਾਨੀ ਪਾਕਿਸਤਾਨੀ ਸਿਵਲ ਸਰਵਿਸ ਦੇ ਅਧਿਕਾਰੀ ਲਈ ਆਪਣੇ ਵਾਲਿਦ (ਪਿਤਾਜੀ) ਨੂੰ ਅਲੀਗੜ੍ਹ ਭੇਜਣਾ ਮੁਸ਼ਕਲ ਵੀ ਨਹੀਂ ਹੈ। ਪਰ ਇਕ ਵੱਡੀ ਮੁਸ਼ਕਲ ਹੋਰ ਹੈ ਇਸ ਕਰਕੇ ਜ਼ੈਦੀ ਸਾਹਬ ਆਪਣੇ ਵਾਲਿਦ ਸਾਹਬ ਨੂੰ ਅਲੀਗੜ੍ਹ ਨਹੀਂ ਲੈ ਕੇ ਜਾਂਦੇ।
“ਅੱਜ ਵੀ ਜ਼ੈਦੀ ਸਾਹਬ ਦੇ ਵਾਲਿਦ ਅਲੀਗੜ੍ਹ ਦੀਆਂ ਗੱਲਾਂ ਕਰਦੇ ਹੋਏ ਰੋਣ ਲੱਗ ਪੈਂਦੇ ਨੇ...ਜੇ ਉਹਨਾਂ ਨੂੰ ਅਲੀਗੜ੍ਹ ਲੈ ਜਾਇਆ ਗਿਆ ਤਾਂ ਕਿਤੇ...”
“ਹਾਂ-ਹਾਂ ਮੈਂ ਸਮਝ ਗਿਆ।” ਮੈਂ ਕਿਹਾ। ਪ੍ਰਬੰਧਕ ਕਹਿਣਾ ਚਾਹੁੰਦੇ ਸਨ ਕਿ ਕਿਤੇ ਜ਼ੈਦੀ ਸਾਹਬ ਦੇ ਵਾਲਿਦ ਉੱਤੇ ਏਨਾ ਅਸਰ ਨਾਲ ਹੋ ਜਾਵੇ ਕਿ ਉੱਥੇ ਅਲੀਗੜ੍ਹ ਵਿਚ ਹੀ...।
“ਹੁਣ ਕੀ ਏ ਸਾਹਬ...ਆਪਣੇ ਸਾਹਬ, ਆਪਣੇ ਅੱਬਾ ਜਾਨ ਨੂੰ ਟਾਲਦੇ ਤੇ ਖ਼ੁਸ਼ ਕਰਦੇ ਰਹਿੰਦੇ ਨੇ। ਵਿਚਾਰੇ ਹੋਰ ਕਰ ਕੀ ਸਕਦੇ ਨੇ?” ਉਹ ਬੋਲੇ।
ਮੈਂ ਸੁੰਨ ਜਿਹਾ ਹੋ ਗਿਆ। ਅੰਮ੍ਰਿਤਸਰ ਦੀ ਉਹ ਰਾਤ ਯਾਦ ਆਈ ਜਦੋਂ ਸਰਦਾਰ ਜਸਵੰਤ ਸਿੰਘ ਦੀ ਸ਼ਾਨਦਾਰ ਕੋਠੀ ਵਿਚ ਪਾਰਟੀ ਚਲ ਰਹੀ ਸੀ। ਖਾਣਾ, ਪੀਣਾ, ਗੱਲਾਂ-ਬਾਤਾਂ ਸਭ ਆਪਣੇ ਜੋਬਨ 'ਤੇ ਸਨ। ਗੱਲ ਲਾਹੌਰ ਤਕ ਨਿਕਲ ਆਈ ਸੀ। ਜਸਵੰਤ ਸਿੰਘ ਦੀ ਬੁੱਢੀ ਮਾਂ ਨੇ ਕਿਹਾ ਸੀ, “ਮੈਨੂੰ ਇਕ ਵਾਰੀ ਲਾਹੌਰ ਦਿਖਾ ਦਿਓ...ਇਕ ਵਾਰੀ...।” ਮੈਂ ਸੋਚਿਆ ਸੀ, ਸਰਦਾਰ ਜਸਵੰਤ ਸਿੰਘ ਕਰੋੜਪਤੀ ਨੇ। ਬਾਹਰ ਤਿੰਨ ਸ਼ਾਨਦਾਰ ਗੱਡੀਆਂ ਖੜ੍ਹੀਆਂ ਨੇ। ਹਰ ਗਰਮੀ ਵਿਚ ਯੂਰਪ ਲੈ ਜਾਂਦੇ ਨੇ, ਪੂਰੇ ਪਰਿਵਾਰ ਨੂੰ...ਪੈਸੇ ਦੀ ਗਿਆਨ-ਗਿਣਤੀ ਨਹੀਂ। ਪਰ ਅੰਮ੍ਰਿਤਸਰ ਤੋਂ ਪੰਜਾਹ ਕਿਲੋਮੀਟਰ ਦੂਰ ਲਾਹੌਰ ਜਾਣ ਲਈ ਉਹਨਾਂ ਦੀ ਮਾਂ ਪੰਜਾਹ ਸਾਲ ਤੋਂ ਤੜਫ ਰਹੀ ਹੈ ਤੇ ਉਹ ਮਜਬੂਰ ਨੇ...ਉਹਨਾਂ ਦੀਆਂ ਲਕਜਰੀ ਕਾਰਾਂ ਪੰਜਾਹ ਕਿਲੋਮੀਟਰ ਦਾ ਫ਼ਾਸਲਾ ਪੰਜਾਹ ਮਿੰਟ ਵਿਚ ਤੈਅ ਕਰ ਸਕਦੀਆਂ ਨੇ। ਵੀਜ਼ਾ ਫੀਸ ਜੇ ਪੰਜਾਹ ਹਜ਼ਾਰ ਰੁਪਏ ਵੀ ਹੋਵੇ ਤਾਂ ਵੀ ਕੀ ਹੈ?
ਹੋਰ ਕੁਝ ਨਹੀਂ ਤਾਂ ਇਕ ਦਿਨ ਲਈ ਹੀ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਗੱਲ ਬਣ ਸਕਦੀ ਹੈ ਤੇ ਫੇਰ ਜਸਵੰਤ ਸਿੰਘ ਤੋਂ ਪਾਕਿਸਤਾਨ ਨੂੰ ਕੀ ਖ਼ਤਰਾ ਹੋ ਸਕਦਾ ਹੈ?
ਦੋਵਾਂ ਦੇਸ਼ਾਂ ਦੀ ਅੰਦਰੂਨੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਮਜਬੂਤ ਬਣਾਈ ਰੱਖਦੇ ਹੋਏ ਵੀ ਭਾਰਤ-ਪਾਕ ਦੀ ਵੀਜ਼ਾ ਨੀਤੀ ਵਧੇਰੇ ਮਨੁੱਖ-ਮੁਖੀ ਹੋ ਸਕਦੀ ਹੈ। ਸੌ ਤਰ੍ਹਾਂ ਨਾਲ ਵੀਜ਼ੇ ਦੀ ਸਮੱਸਿਆ ਉੱਤੇ ਸੋਚਿਆ ਜਾ ਸਕਦਾ ਹੈ। ਇਕ ਦਿਨ ਦਾ ਵੀਜ਼ਾ, ਗਰੁੱਪ ਵੀਜ਼ਾ, ਨਿਗਰਾਨੀ ਵਿਚ ਯਾਤਰਾ, ਸਕਿਊਰਟੀ ਨਾਲ ਵੀਜ਼ਾ ਆਦਿ ਕਈ ਉਪਾਅ ਨੇ—ਪਰ ਦੋਵਾਂ ਸਰਕਾਰਾਂ ਵਿਚ ਕੁਝ ਅਜਿਹੇ ਤੱਤ ਨੇ ਜਿਹੜੇ ਆਪਣੇ ਜਾਂ ਆਪਣੇ ਸਮੂਹ ਦੇ ਲਾਭ ਲਈ ਦੁਸ਼ਮਣੀ ਕਾਇਮ ਰੱਖਣਾ ਚਾਹੁੰਦੇ ਨੇ। ਦੁਸ਼ਮਣੀ ਰਹੇਗੀ ਤਾਂ ਹਥਿਆਰ ਖ਼ਰੀਦੇ ਜਾਣਗੇ। ਹਥਿਆਰ ਖ਼ਰੀਦੇ ਜਾਣਗੇ ਤਾਂ ਅਰਬਾਂ ਰੁਪਏ ਕਮਿਸ਼ਨ ਮਿਲੇਗੀ। ਸੈਨਾ ਦਾ ਮਹੱਤਵ ਬਣਿਆ ਰਹੇਗੀ। ਦੋਵਾਂ ਮੁਲਕਾਂ ਵਿਚ ਇਕ ਲਾਬੀ ਅਜਿਹੀ ਵੀ ਹੈ ਜਿਹੜੀ ਸੁਰੱਖਿਆ ਦੇ ਨਾਂ ਉੱਤੇ ਵੀਜ਼ਾ ਨੀਤੀ ਵਿਚ ਢਿੱਲ ਨਹੀਂ ਦੇਣਾ ਚਾਹੁੰਦੀ। ਜੇ ਕਰੜੇ ਵੀਜ਼ਾ ਨਿਯਮ ਨਾਲ ਹੀ ਸੁਰੱਖਿਆ ਸੰਭਵ ਹੁੰਦੀ ਤਾਂ ਭਾਰਤ-ਪਾਕ ਵਿਚ ਨਾ ਤਾਂ ਬੰਬ ਧਮਾਕੇ ਹੁੰਦੇ ਤੇ ਨਾ ਆਂਤੰਕੀ ਹਮਲੇ ਹੁੰਦੇ। ਪਰ ਰੋਜ਼ ਇਹੋ ਨਜ਼ਰ ਆਉਂਦਾ ਹੈ। ਵੀਜ਼ਾ ਨਿਯਮਾਂ ਵਿਚ ਢਿੱਲ ਦੇਣ ਨਾਲ ਨਾ ਤਾਂ ਕਿਸੇ ਅੰਦਰਲੀ ਸੁਰੱਖਿਆ ਨੂੰ ਖਤਰਾ ਹੈ, ਨਾ ਹੀ ਆਤੰਕਵਾਦ ਵਧੇਗਾ। ਹਾਂ ਖ਼ਤਰਾ ਹੈ ਤਾਂ ਉਹਨਾਂ ਲੋਕਾਂ ਦੇ ਸਮੂਹ ਨੂੰ ਹੈ ਜਿਹੜੇ ਭੈ, ਦੁਸ਼ਮਣੀ, ਹਿੰਸਾ ਤੇ ਆਤੰਕ ਦੇ ਨਾਂ 'ਤੇ ਆਂਡੇ-ਪਰੌਂਠੇ ਉਡਾਅ ਰਹੇ ਨੇ। ਆਤੰਕਵਾਦ ਤੇ ਧਰਮ-ਅੰਧਤਾ ਦੀ ਜੜ ਹੈ, ਅਗਿਆਨ ਤੇ ਸ਼ੋਸ਼ਣ। ਪਰ ਮੂਲ ਮੁੱਦਿਆਂ ਵੱਲ ਧਿਆਨ ਕੌਣ ਦੇਂਦਾ ਹੈ, ਕਿਉਂਕਿ ਸਾਡੇ ਸੱਤਾਧਾਰੀਆਂ ਲਈ ਇਹ ਅਗਿਆਨ ਤੇ ਸ਼ੋਸ਼ਣ ਹੀ 'ਜੀਵਨ ਰੇਖਾ' ਹੈ।
ਗੁਰੂਦੁਆਰਾ ਡੇਰਾ ਸਾਹਿਬ ਤੇ ਰਣਜੀਤ ਸਿੰਘ ਦੀ ਸਮਾਧੀ ਦੇਖਣ ਪਿੱਛੋਂ ਮੈਂ ਸ਼ੌਕਤ ਨੂੰ ਕਿਹਾ ਕਿ ਕਿਸੇ ਬੜੇ ਸਾਧਾਰਨ ਢਾਬੇ ਵਿਚ ਖਾਣਾ ਖਾਧਾ ਜਾਵੇ। ਸਟੇਸ਼ਨ ਦੇ ਸਾਹਮਣੇ ਬਣੇ 'ਮਦੀਨਾ ਹੋਟਲ' ਵਿਚ ਅਸੀਂ ਬੈਠ ਗਏ। ਹੋਟਲ ਦੇ ਬਾਹਰ ਤੰਦੂਰ ਲੱਗਿਆ ਹੋਇਆ ਸੀ। ਕੋਲ ਹੀ ਵੱਡੇ ਭਾਂਡਿਆਂ ਵਿਚ ਖਾਣਾ ਰੱਖਿਆ ਸੀ। ਤੰਦੂਰ ਦੇ ਕੋਲ ਹੀ ਫ੍ਰਾਈਪੈਨ ਵਿਚ ਖਾਣਾ ਗਰਮ ਕਰਨ ਦਾ ਇੰਤਜ਼ਾਮ ਸੀ।
“ਕੀ ਖਾਓਗੇ?” ਮੈਂ ਸ਼ੌਕਤ ਨੂੰ ਪੁੱਛਿਆ।
“ਮਟਨ ਕੜ੍ਹਾਈ ਮੰਗਾ ਲਓ।”
“ਕਿੰਨਾ?”
“ਅੱਧਾ ਕਿੱਲੋ।”
ਮਟਨ ਕੜ੍ਹਾਈ ਆਇਆ ਤਾਂ ਉਸੇ ਫ੍ਰਾਈਪੈਨ ਵਿਚ ਆਇਆ ਜਿਸ ਵਿਚ ਬਣਾਇਆ ਗਿਆ ਸੀ ਤੇ ਇਕ ਬੋਹੀਏ ਵਿਚ ਚਾਰ ਰੋਟੀਆਂ ਆ ਗਈਆਂ, ਜਿਹਨਾਂ ਦਾ ਸਾਈਜ਼ ਸਾਡੀਆਂ ਤੰਦੂਰੀ ਰੋਟੀਆਂ ਨਾਲੋਂ ਬੜਾ ਵੱਡਾ ਸੀ। ਕੋਈ ਪਲੇਟ ਮੇਜ਼ ਉੱਤੇ ਨਹੀਂ ਸੀ ਰੱਖੀ ਗਈ। ਹੁਣ ਆਪਣੇ 'ਹਿੰਦੂ ਸੰਸਕਾਰਾਂ' ਕਰਕੇ ਮੈਂ ਵੱਖਰੀ ਪਲੇਟ ਜਾਂ ਥਾਲੀ (ਥਾਲੀ ਦਾ ਤਾਂ ਖ਼ੈਰ ਪਾਕਿਸਤਾਨ ਵਿਚ ਕੋਈ ਵਜੂਦ ਹੀ ਨਹੀਂ ਹੈ) ਦੀ ਉਡੀਕ ਕਰਨ ਲੱਗਾ। ਦੂਜੀ ਮੇਜ਼ ਉੱਤੇ ਜਿਹੜੇ ਲੋਕ ਖਾ ਰਹੇ ਸਨ, ਉਹ ਸਾਰੇ ਇਕੋ ਬੋਹੀਏ ਵਿਚੋਂ ਜਾਂ ਫਰਾਈਪੈਨ ਵਿਚੋਂ ਖਾ ਰਹੇ ਸਨ। ਇਹ ਸਮਝਣ ਵਿਚ ਦੇਰ ਨਹੀਂ ਲੱਗੀ ਕਿ ਇਹ ਮੁਸਲਿਮ ਸਮਾਜ ਹੈ, ਜਿੱਥੇ 'ਜੂਠਾ' ਸ਼ਬਦ ਦਾ ਕੋਈ 'ਕਾਂਸੈਪਟ' ਨਹੀਂ ਹੈ। ਮੈਂ ਰੋਟੀ ਚੁੱਕੀ, ਸ਼ੌਕਤ ਨਾਲ ਇਕੋ ਫਰਾਈਪੈਨ ਵਿਚ ਖਾਣਾ ਸ਼ੁਰੂ ਕਰ ਦਿੱਤਾ। ਪਰ ਪਾਣੀ ਪੀਣ ਦੇ ਇਕ ਗ਼ਲਾਸ ਵਾਲੇ ਮਾਮਲੇ ਨਾਲ ਨਿਭ ਨਾ ਕਰ ਸਕਿਆ ਤਾਂ ਦੋ 'ਕੋਕ' ਮੰਗਵਾ ਲਏ।
ਇਸੇ ਨੂੰ ਸ਼ਾਇਦ ਜੀਵਨ ਦੇ ਰੰਗ ਕਹਿੰਦੇ ਨੇ। ਦੁਪਹਿਰੇ ਆਟੋ ਚਾਲਕ ਸ਼ੌਕਤ ਨਾਲ ਸਰਵਹਾਰਾ ਕਿਸਮ ਦੇ ਹੋਟਲ ਵਿਚ ਖਾਣਾ ਖਾਣ ਪਿੱਛੋਂ ਰਾਤ ਦਾ ਡਿਨਰ ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀ ਸਮੀਨਾ ਅਹਿਮਦ ਦੀ ਮੇਜ਼ਬਾਨੀ ਵਿਚ ਹੋਇਆ। ਸ਼ਹਿਰ ਤੋਂ ਦੂਰ ਇਕ ਮੀਡੀਆ ਪ੍ਰੋਡਕਸ਼ਨ ਹਾਊਸ ਵਿਚ ਪੰਜ-ਸੱਤ ਬੁੱਧੀਜੀਵੀਆਂ ਦੇ ਨਾਲ ਸ਼ਾਮ ਬੀਤੀ। ਜ਼ਿਕਰ ਛਿੜ ਪਿਆ ਕਿ ਭਾਰਤ ਕਿਸ ਤਰ੍ਹਾਂ ਪਾਕਿਸਤਾਨ ਨਾਲੋਂ ਆਪਣੇ ਆਪ ਨੂੰ ਉੱਤਮ ਸਮਝਦਾ ਹੈ? ਸਾਰੇ ਆਪੋ-ਆਪਣੇ ਅਨੁਭਵ ਦਸਦੇ ਰਹੇ। ਹੁੰਦੀ-ਹੁੰਦੀ ਗੱਲ ਭਾਰਤ ਵਿਰੋਧੀ ਪਗਡੰਡੀ ਤੇ ਤੁਰ ਪਈ, ਪਰ ਮੈਂ ਦਖ਼ਲ ਨਹੀਂ ਦਿੱਤਾ ਕਿਉਂਕਿ ਮੈਂ ਉਹਨਾਂ ਨੂੰ ਸਮਝਣਾ ਚਾਹੁੰਦਾ ਸਾਂ, ਬਹਿਸ ਵਧਾਉਣ ਦਾ ਮੰਸ਼ਾ ਨਹੀਂ ਸੀ।
ਅਗਲੇ ਦਿਨ ਠੀਕ ਦਸ ਵਜੇ ਸ਼ੌਕਤ ਦਾ ਆਟੋ ਗੈਸਟ ਹਾਊਸ ਦੇ ਗੇਟ ਉੱਤੇ ਆ ਗਿਆ। ਮੈਂ ਕਮਰੇ ਵਿਚ ਸਾਂ, ਸ਼ੌਕਤ ਦੇ ਆਟੋ ਦਾ ਭਿਆਨਕ ਹਾਰਨ ਸੁਣਾਈ ਦਿੱਤਾ। ਲਾਹੌਰ ਵਿਚ ਗੱਡੀਆਂ ਦੇ ਵਚਿੱਤਰ, ਦਿਲ-ਦਹਿਲਾ ਦੇਣ ਵਾਲੇ ਹਾਰਨ ਸੁਣ-ਸੁਣ ਕੇ ਮੈਂ 'ਕਨਵਿੰਸ' ਹੋ ਗਿਆ ਹਾਂ ਕਿ ਹੋਰ ਕਿਸੇ ਖੇਤਰ ਵਿਚ ਪਾਕਿਸਤਾਨ ਨੇ ਭਾਰਤ ਨਾਲੋਂ ਵੱਧ ਤਰੱਕੀ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ, ਹਾਰਨ ਬਣਾਉਣ ਦੇ ਮੈਦਾਨ ਵਿਚ ਬਾਜ਼ੀ ਮਾਰ ਲਈ ਹੈ। ਸ਼ੌਕਤ ਦੇ ਆਟੋ ਵਿਚ ਘੱਟੋਘੱਟ ਤਿੰਨ ਕਿਸਮ ਦੇ ਹਾਰਨ ਸਨ। ਹਰੇਕ ਹਾਰਨ ਆਪਣੀ ਮਿਸਾਲ ਆਪ ਸੀ। ਇਕ ਹਾਰਨ ਸੀ ਕਿਸੇ ਸਿਸਕੀ ਵਰਗਾ ਜਾਂ ਆਹ ਵਰਗੀ ਆਵਾਜ਼ ਵਿਚ ਸ਼ੁਰੂ ਹੁੰਦਾ ਸੀ ਫੇਰ ਉਸ ਵਿਚ ਅਚਾਨਕ ਸਰਸਰਾਹਟ ਪੈਦਾ ਹੋ ਜਾਂਦੀ ਸੀ। ਫੇਰ ਉਹ ਬੜੇ ਆਕਰਮਕ ਢੰਗ ਨਾਲ ਇਸ ਤਰ੍ਹਾਂ ਦਹਾੜਦਾ ਸੀ ਕਿ ਜੇ ਸਾਹਮਣੇ ਪੈਟਨ ਟੈਂਕ ਵੀ ਹੋਵੇ ਤਾਂ ਵੀ ਹਟ ਜਾਵੇ। ਸੜਕ ਉੱਤੇ ਦੂਜੇ ਕਿਸਮ ਦੇ ਹਾਰਨ ਵੀ ਸੁਣਨ ਨੂੰ ਮਿਲਦੇ ਸਨ ਤੇ ਲਾਹੌਰੀਆਂ ਦਾ ਹੀ ਕਲੇਜਾ ਹੈ ਜਿਹੜਾ ਇਹਨਾਂ ਦੀ ਆਵਾਜ਼ ਨਾਲ ਫਟ ਨਹੀਂ ਜਾਂਦਾ।
ਮਾਲ ਰੋਡ 'ਤੇ ਕਿਤਾਬਾਂ ਦੀਆਂ ਦੁਕਾਨਾਂ ਤੋਂ ਕੁਝ ਪਾਕਿਸਤਾਨ ਦੇ ਨਕਸ਼ੇ ਖ਼ਰੀਦੇ। ਕੁਝ ਟੂਰਿਸਟ-ਗਾਈਡ ਵਗ਼ੈਰਾ ਲੈਣਾ ਚਾਹੁੰਦਾ ਸਾਂ, ਪਰ ਨਹੀਂ ਮਿਲੀਆਂ। ਵੈਸੇ ਲਾਹੌਰ ਹੀ ਨਹੀਂ ਪੂਰੇ ਪਾਕਿਸਤਾਨ ਵਿਚ ਟੂਰਿਸਟ ਤੇ ਉਹ ਵੀ ਪੱਛਮੀ ਟੂਰਿਸਟ ਨਹੀਂ ਦਿਖਾਈ ਦੇਂਦੇ। ਅਮਰੀਕਾ ਨੇ ਤਾਂ ਪਾਕਿਸਤਾਨ ਨੂੰ ਦੁਨੀਆਂ ਦੇ ਖ਼ਤਰਨਾਕ ਦੇਸ਼ਾਂ ਦੀ ਸੂਚੀ ਵਿਚ ਪਾਇਆ ਹੋਇਆ ਹੈ ਤੇ ਯੂਰਪ ਨੇ ਵੀ ਸ਼ਾਇਦ ਇਵੇਂ ਕੀਤਾ ਹੈ। ਜਦ ਟੂਰਿਸਟ ਆਉਂਦੇ ਹੀ ਨਹੀਂ ਤਾਂ ਇਸ ਕਿਸਮ ਦੀਆਂ ਜਾਣਕਾਰੀਆਂ ਭਲਾ ਕਿਸ ਖਾਤਰ?
ਪੁਰਾਣੇ ਲਾਹੌਰ ਵਿਚ ਆ ਕੇ ਲੱਗਿਆ ਕਿ ਇਹ ਤਾਂ ਦਿੱਲੀ-6 ਨਾਲੋਂ ਵੀ ਵੱਧ ਭੀੜੀ ਜਗ੍ਹਾ ਹੈ। ਆਟੋ ਤੇ ਗੱਡੀਆਂ ਦੇ ਧੂੰਏਂ ਦਾ ਇਹ ਹਾਲ ਸੀ ਕਿ ਦੁਕਾਨਦਾਰਾਂ ਨੇ ਨੱਕ ਉੱਤੇ ਸਫੇਦ ਪੈਡ ਲਾਏ ਹੋਏ ਸਨ। ਆਉਣ-ਜਾਣ ਵਾਲੇ ਆਮ ਤੌਰ 'ਤੇ ਰੁਮਾਲ ਰੱਖ ਕੇ ਲੰਘ ਰਹੇ ਸਨ। ਓਹੋ-ਜਿਹਾ ਧੂੰਆਂ, ਮਤਲਬ ਗੱਡੀਆਂ ਦਾ ਧੂੰਆਂ, ਮੈਂ ਜ਼ਿੰਦਗੀ ਵਿਚ ਕਿਤੇ ਨਹੀਂ ਦੇਖਿਆ। ਸੋਚਣ ਲੱਗਾ ਇੱਥੇ ਰਹਿਣ ਵਾਲਿਆਂ ਉੱਤੇ ਕੀ ਬੀਤਦੀ ਹੋਵੇਗੀ? ਟਰੈਫਿਕ ਦੀ ਜਿੰਨੀ ਅਵਿਵਸਥਾ ਸੰਭਵ ਹੈ, ਉਹ ਦੇਖੀ ਜਾ ਸਕਦੀ ਸੀ। ਮੈਂ ਕੂਚਾ ਜੌਹਰੀਆਂ ਕੋਲ ਆਟੋ ਰੁਕਵਾ ਲਿਆ। ਸ਼ੌਕਤ ਨੂੰ ਕਿਹਾ ਉਹ ਕਿਤੇ ਹੋਰ ਲੈ ਜਾ ਕੇ ਆਟੋ ਖੜ੍ਹਾ ਕਰੇ, ਮੈਂ ਕੂਚਾ ਜੌਹਰੀਆਂ ਦੇਖ ਕੇ ਆ ਜਾਵਾਂਗਾ। ਕੂਚਾ ਜੌਹਰੀਆਂ ਦੇਖਣ ਦਾ ਸ਼ੌਕ ਇਸ ਲਈ ਸੀ ਕਿ ਮੇਰੇ ਨਾਟਕ 'ਜਿਸ ਲਾਹੌਰ ਨਹੀਂ ਦੇਖਿਆ...' ਦਾ ਘਟਨਾ ਸਥਾਨ ਇਹੀ ਹੈ। ਮੈਂ ਕੂਚੇ ਵਿਚ ਅੱਗੇ ਵਧਦਾ ਗਿਆ। ਤਸਵੀਰਾਂ ਲੈਂਦਾ ਰਿਹਾ। ਪੁਰਾਣੀਆਂ ਇਮਾਰਤਾਂ ਦੇ ਮਕਾਨਾਂ ਦੀਆਂ ਤਸਵੀਰਾਂ ਜਮ੍ਹਾਂ ਕਰਨਾ ਚਾਹੁੰਦਾ ਸਾਂ। ਸੋਨੇ, ਚਾਂਦੀ, ਹੀਰੇ, ਜਵਾਹਰਾਤ ਦੇ ਬਾਜ਼ਾਰ ਵਿਚ ਏਨੀ ਅਵਿਵਸਥਾ ਦੇਖ ਕੇ ਪ੍ਰੇਸ਼ਾਨ ਹੋ ਗਿਆ। ਬੜੀ ਮੁਸ਼ਕਲ ਨਾਲ ਵਾਪਸ ਆਇਆ। ਸ਼ੌਕਤ ਦਾ ਆਟੋ ਨਹੀਂ ਮਿਲਿਆ। ਟ੍ਰੈਫਿਕ ਏਨਾ ਸੀ ਕਿ ਆਦਮੀ ਨੂੰ ਤੁਰਨਾ ਮੁਸ਼ਕਲ ਹੋ ਜਾਂਦਾ ਸੀ।
ਪੁਰਾਣੇ ਲਾਹੌਰ ਵਿਚੋਂ ਨਿਕਲ ਆਏ। ਇਕ ਚੌੜੀ ਸੜਕ ਦੇ ਕਿਨਾਰੇ ਕੁਝ ਲੋਕ, ਸ਼ਾਇਦ ਪੰਜਾਹ ਸੱਠ, ਬੈਨਰ ਵਗ਼ੈਰਾ ਲਾਈ ਪ੍ਰਦਰਸ਼ਨ ਕਰ ਰਹੇ ਸਨ। ਉਰਦੂ ਵਿਚ ਇਕ ਵੱਡੇ ਸਾਰੇ ਬੈਨਰ ਉੱਤੇ ਲਿਖਿਆ ਸੀ—'ਪੰਜਾਬੀ ਤਹਰੀਕ' ਯਾਨੀ ਪੰਜਾਬੀ ਅੰਦੋਲਨ। ਮੈਂ ਸ਼ੌਕਤ ਨੂੰ ਆਟੋ ਰੋਕਣ ਲਈ ਕਿਹਾ ਤੇ ਉਤਰ ਕੇ ਪ੍ਰਦਰਸ਼ਨ ਕਰਨ ਵਾਲਿਆਂ ਦੇ ਕੋਲ ਚਲਾ ਗਿਆ। ਉੱਥੇ ਪਤਾ ਲੱਗਿਆ ਕਿ ਉੱਥੇ ਪੰਜਾਬੀ ਭਾਸ਼ਾ ਦੇ ਲਈ ਇਹ ਪ੍ਰਦਰਸ਼ਨ ਹੋ ਰਿਹਾ ਸੀ। ਮਤਲਬ ਪੰਜਾਬ—ਉਹ ਵੀ ਲਾਹੌਰ ਵਿਚ ਪੰਜਾਬੀ ਲਈ ਅੰਦੋਲਨ ਦੇਖ ਕੇ ਕੁਝ ਹੈਰਾਨੀ ਹੋਈ। ਉੱਥੇ ਦੱਸਿਆ ਗਿਆ ਕਿ ਪੰਜਾਬ ਵਿਚ ਪੰਜਾਬੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਕੂਲਾਂ ਵਿਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਪੰਜਾਬੀ ਵਿਚ ਅਖ਼ਬਾਰ ਨਹੀਂ। ਪੰਜਾਬ ਵਿਚ ਪ੍ਰਕਾਸ਼ਨ ਦੀ ਹਾਲਤ ਬੜੀ ਮੰਦੀ ਹੈ। ਵਗ਼ੈਰਾ...ਵਗ਼ੈਰਾ। ਪੰਜਾਬੀ ਨੂੰ ਦਬਾਅ ਕੌਣ ਰਿਹਾ ਹੈ, ਉਰਦੂ।
ਪਾਕਿਸਤਾਨ ਵਿਚ ਭਾਸ਼ਾ ਦੀਆਂ ਬੜੀਆਂ ਮਘਦੀਆਂ ਤੇ ਗੰਭੀਰ ਸਮੱਸਿਆਵਾਂ ਨੇ। ਸਭ ਤੋਂ ਪਹਿਲਾਂ ਭਾਸ਼ਾ ਦੀ ਰਾਜਨੀਤੀ ਸਿੰਧ ਵਿਚ ਸ਼ੁਰੂ ਹੋਈ। ਵੰਡ ਪਿੱਛੋਂ ਉਤਰ-ਪ੍ਰਦੇਸ਼, ਬਿਹਾਰ, ਮੱਧਪ੍ਰਦੇਸ਼ ਦੇ ਉਰਦੂ ਭਾਸ਼ੀ ਸਿੰਧ ਦੇ ਸ਼ਹਿਰਾਂ ਵਿਚ ਵਸਾਏ ਗਏ ਸਨ। ਇਹ ਗਿਣਤੀ ਏਨੀ ਵੱਧ ਸੀ ਕਿ 1950 ਤਕ ਸਿੰਧ ਦੇ ਵੱਡੇ ਸ਼ਹਿਰਾਂ ਵਿਚ ਪੰਜਾਹ ਪ੍ਰਤੀਸ਼ਤ ਉਰਦੂ ਬੋਲਣ ਵਾਲੇ ਹੋ ਗਏ ਸਨ।
ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਯਾਕਤ ਅਲੀ ਖਾਂ, ਜਿਹੜੇ ਉਰਦੂ ਭਾਸ਼ੀ ਤੇ ਮੋਹਾਜ਼ਿਰ ਸਨ, ਉਹ ਸਿੰਧ ਦੇ ਵੱਡੇ ਸ਼ਹਿਰਾਂ ਨੂੰ 'ਉਰਦੂ ਭਾਸ਼ਾ ਬਹੁਮਤ ਖੇਤਰ' ਬਣਾਉਣਾ ਚਾਹੁੰਦੇ ਸਨ, ਤਾਂਕਿ ਉਹਨਾਂ ਦੇ ਤੇ ਹੋਰ ਮੋਹਾਜ਼ਿਰ ਨੇਤਾਵਾਂ ਦੇ ਲਈ ਰਾਜਨੀਤੀ ਕਰਨਾ ਤੇ ਚੋਣਾ ਜਿੱਤਣਾ ਸਰਲ ਹੋ ਜਾਵੇ। ਇਕ ਕਾਰਨ ਇਹ ਵੀ ਸੀ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਨੇ, ਉਰਦੂ ਭਾਸ਼ੀ ਮੋਹਾਜ਼ਿਰਾਂ ਨੂੰ ਪੰਜਾਬ ਵਿਚ ਸਵੀਕਾਰ ਨਹੀਂ ਸੀ ਕੀਤਾ। ਪੰਜਾਬ ਵਿਚ ਉਹੀ ਮੋਹਾਜ਼ਿਰ ਵਸਾਏ ਗਏ ਸਨ, ਜਿਹੜੇ ਪੂਰਬੀ ਪੰਜਾਬ ਤੋਂ ਪਾਕਿਸਤਾਨ ਗਏ ਸਨ। ਪੰਜਾਬ ਆਪਣੇ ਭਾਸ਼ਾਈ ਤੇ ਸਾਂਸਕ੍ਰਿਤਕ ਮੋਹ ਪ੍ਰਤੀ ਬੜਾ ਸੁਚੇਤ ਸੀ।
ਸਿੰਧ ਵਿਚ ਆਪਣੀ ਗਿਣਤੀ ਤੇ ਪ੍ਰਭਾਵ ਸਦਕਾ ਉਰਦੂ ਭਾਸ਼ੀ ਮੋਹਾਜ਼ਿਰਾਂ ਨੇ ਆਪਣੇ ਪੈਰ ਜਮਾਉਣ ਖਾਤਰ ਸਿੰਧੀਆਂ ਨੂੰ ਪਿੱਛੇ ਧਰੀਕਣਾ ਸ਼ੁਰੂ ਕਰ ਦਿੱਤਾ। ਕਾਰਨ ਦੋ ਸਨ। ਪਹਿਲਾ ਸਿਧਾਂਤ ਤਾਂ ਇਹ ਕਿ ਪਾਕਿਸਤਾਨ ਦਾ ਧਰਮ ਇਸਲਾਮ ਹੈ ਤੇ ਭਾਸ਼ਾ ਉਰਦੂ ਹੈ। ਦੂਜਾ ਇਹ ਕਿ ਸਿੱਖਿਆ, ਸਰਕਾਰੀ ਅਹੁਦਿਆਂ ਆਦਿ ਤੋਂ ਸਿੰਧੀ ਭਾਸ਼ੀ ਲੋਕਾਂ ਨੂੰ ਪਿੱਛੇ ਧਰੀਕ ਕੇ ਖ਼ੁਦ ਅੱਗੇ ਆ ਜਾਣਾ। ਟਕਰਾਅ ਛੋਟੀਆਂ-ਮੋਟੀਆਂ ਗੱਲਾਂ ਤੋਂ ਸ਼ੁਰੂ ਹੋਇਆ ਪਰ 1988-90 ਵਿਚ ਇਹ ਇਕ ਅਤਿ ਭਿਆਨਕ ਖ਼ੂਨੀ ਸੰਘਰਸ਼ ਵਿਚ ਬਦਲ ਗਿਆ। ਬੰਗਲਾ ਦੇਸ਼ ਦੀ ਸਥਾਪਨਾ ਨੇ ਪਹਿਲੀ ਵਾਰੀ ਦਿਵ-ਰਾਸ਼ਟਰ ਸਿਧਾਂਤ ਨੂੰ ਗ਼ਲਤ ਸਾਬਤ ਕੀਤਾ ਸੀ ਤੇ ਮੋਹਾਜ਼ਿਰ ਸਿੰਧੀ ਹਥਿਆਰਬੰਦ ਸੰਘਰਸ਼ ਨੇ ਇਹ ਦੂਜੀ ਵਾਰੀ ਸਿੱਧ ਕੀਤਾ ਕਿ ਧਰਮ ਦੇ ਆਧਾਰ 'ਤੇ ਰਾਸ਼ਟਰੀਅਤਾ ਨਹੀਂ ਨਿਰਧਾਰਤ ਕੀਤੀ ਜਾ ਸਕਦੀ।
30 ਸਤੰਬਰ, 1988 ਨੂੰ ਹੈਦਰਾਬਾਦ ਸਿੰਧ ਦੇ ਇਤਿਹਾਸ ਦਾ 'ਬਲੈਕ ਫ੍ਰਾਇਡੇ' ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਮੋਟਰ-ਸਾਈਕਲਾਂ ਤੇ ਜੀਪਾਂ ਉੱਤੇ ਇਕ ਦਰਜਨ ਸ਼ਸਤਰਧਾਰੀ ਜਵਾਨਾਂ ਨੇ ਭਰੇ ਬਾਜ਼ਾਰਾਂ ਵਿਚ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਲਗਭਗ 250 ਲੋਕ ਮਾਰੇ ਗਏ ਸਨ, ਜਿਹਨਾਂ ਵਿਚ ਵਧੇਰੇ ਉਰਦੂ ਭਾਸ਼ੀ ਮੋਹਾਜ਼ਿਰ ਸਨ। ਦੋਸ਼ ਲਾਇਆ ਜਾਂਦਾ ਹੈ ਕਿ ਫਾਇਰਿੰਗ ਕਰਨ ਵਾਲੇ ਸਿੰਧੀ ਸਨ। ਇਸ ਹਮਲੇ ਦੀ ਪ੍ਰਤੀਕ੍ਰਿਆ ਕਰਾਚੀ ਵਿਚ ਹੋਈ, ਜਿੱਥੇ ਜਬਰਦਸਤ ਦੰਗਿਆਂ ਵਿਚ ਲਗਭਗ 60-65 ਸਿੰਧੀਆਂ ਦੀ ਹੱਤਿਆ ਕਰ ਦਿੱਤੀ ਗਈ ਤੇ ਕਰੋੜਾਂ ਦੀ ਸੰਪਤੀ ਸਾੜ ਦਿੱਤੀ ਗਈ। ਇਹਨਾਂ ਦੰਗਿਆਂ ਦਾ ਸਭ ਤੋਂ ਭਿਆਨਕ ਰੂਪ ਪੱਕਾ ਕਿਲਾ ਨਰਸੰਘਾਰ ਮੰਨਿਆਂ ਜਾਂਦਾ ਹੈ। 27 ਮਈ, 1990 ਨੂੰ, ਆਪਣੇ ਸਿਰਾਂ ਉੱਤੇ ਕੁਰਾਨ ਸ਼ਰੀਫ ਰੱਖ ਕੇ ਪ੍ਰਦਰਸ਼ਨ ਕਰ ਰਹੇ ਬੱਚਿਆਂ, ਔਰਤਾਂ ਤੇ ਹੋਰ ਭੀੜ ਉੱਤੇ ਪੁਲਿਸ ਨੇ ਫਾਇਰਿੰਗ ਕੀਤੀ ਸੀ, ਜਿਸ ਵਿਚ ਸੌ ਤੋਂ ਵੱਧ ਲੋਕ ਮਾਰੇ ਗਏ ਸਨ।
ਇਹ ਸੱਚਾਈ ਹੈ ਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪਾਕਿਸਤਾਨ ਵਿਚ ਸਭ ਨਾਲੋਂ ਵੱਧ ਹੈ। ਪੰਜਾਬੀ ਭਾਸ਼ਾ ਦੀ ਨਾਕਦਰੀ ਪਾਕਿਸਤਾਨ ਬਣਨ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਪਾਕਿਸਤਾਨ ਬਣਦਿਆਂ ਹੀ ਪੰਜਾਬ ਦੇ ਸਕੂਲਾਂ ਵਿਚੋਂ ਪੰਜਾਬੀ ਭਾਸ਼ਾ ਨੂੰ ਵਿਸ਼ੇ ਦੇ ਰੂਪ ਵਿਚ ਪੜ੍ਹਾਇਆ ਜਾਣਾ ਬੰਦ ਕਰ ਦਿੱਤਾ ਗਿਆ। ਕਾਰਨ ਦੋ ਦੱਸੇ ਜਾਂਦੇ ਨੇ। ਪਹਿਲਾ ਇਹ ਕਿ ਕੇਂਦਰ ਵਿਚ ਉਰਦੂ ਦੀ ਸਥਿਤੀ ਨੂੰ ਮਜਬੂਤ ਬਣਾਉਣ ਲਈ ਪੰਜਾਬੀ ਨੂੰ 'ਬਰੇਕ' ਲਾਉਣਾ ਜ਼ਰੂਰੀ ਸੀ। ਦੂਜਾ ਇਹ ਕਿ ਪੰਜਾਬੀ ਨੂੰ ਹਿੰਦੂਆਂ ਤੇ ਸਿਖਾਂ ਦੀ ਭਾਸ਼ਾ ਮੰਨਿਆਂ ਗਿਆ।
ਪੰਜਾਬੀ ਅੰਦੋਲਨ ਦੇ ਕਾਰਜ ਕਰਤਾਵਾਂ ਨੇ ਦੱਸਿਆ, ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਨਹੀਂ ਹੁੰਦੀ। ਜਦਕਿ ਸਿੰਧੀ ਤੇ ਸਰਾਯਕੀ ਖੇਤਰਾਂ ਦੇ ਪ੍ਰਾਇਮਰੀ ਸਕੂਲਾਂ ਵਿਚ ਸਥਾਨਕ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਨੇ। ਪੰਜਾਬੀ ਦੇ ਅਖ਼ਬਾਰ ਨਹੀਂ ਨਿਕਲਦੇ। ਇਕ-ਦੋ ਸ਼ੁਰੂ ਵੀ ਹੋਏ ਸਨ, ਆਰਥਕ ਮੁਸ਼ਕਲਾਂ ਕਰਕੇ ਬੰਦ ਹੋ ਗਏ। ਪੰਜਾਬੀ ਦਾ ਕੋਈ ਵੱਡਾ ਪ੍ਰਕਾਸ਼ਨ ਨਹੀਂ ਹੈ। ਪੰਜਾਬੀ ਵਿਚ ਸਾਹਿਤਕ ਪਰਚੇ ਵੀ ਬੜੀਆਂ ਘੱਟ ਨਿਕਲਦੇ ਨੇ।
ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੇ ਅੰਦੋਲਨ ਦਾ ਇਕ ਹੋਰ ਬੜਾ ਮਹਤੱਵਪੂਰਨ ਪੱਖ ਹੈ। ਪੰਜਾਬ ਆਜ਼ਾਦੀ ਤੋਂ ਪਹਿਲਾਂ ਹੀ ਉਰਦੂ ਦਾ ਕੇਂਦਰ ਰਿਹਾ ਹੈ। ਸਰ ਮੁਹੰਮਦ ਇਕਬਾਲ, ਜਿਹਨਾਂ ਦੀ ਮਾਤ ਭਾਸ਼ਾ ਪੰਜਾਬੀ ਸੀ, ਨੇ ਉਰਦੂ ਤੇ ਫ਼ਾਰਸੀ ਵਿਚ ਕਵਿਤਾ ਲਿਖੀ ਹੈ। ਪੰਜਾਬੀ ਭਾਸ਼ੀ ਉਰਦੂ ਕਵੀਆਂ ਦੀ ਇਕ ਸ਼ਕਤੀਸ਼ਾਲੀ ਪਰੰਪਰਾ ਹੈ ਜਿਹੜੀ ਫ਼ੈਜ਼ ਅਹਿਮਦ 'ਫ਼ੈਜ਼' ਤੋਂ ਹੁੰਦੀ ਹੋਈ ਨੌਜਵਾਨ ਉਰਦੂ ਕਵੀ ਇਫ਼ਤਿਖ਼ਾਰ ਜਾਫਰੀ ਤਕ ਆ ਪਹੁੰਚੀ ਹੈ। ਉਰਦੂ, ਪੰਜਾਬ ਦੀ ਸੰਸਕ੍ਰਿਤੀ ਤੇ ਸਾਹਿਤ ਦੀ ਭਾਸ਼ਾ ਰਹੀ ਹੈ। ਪੰਜਾਬੀ, ਬੋਲਚਾਲ ਦੀ ਭਾਸ਼ਾ ਦੇ ਰੂਪ ਵਿਚ ਪੂਰੀ ਤਰ੍ਹਾਂ ਸਵੀਕਾਰੀ ਗਈ ਹੈ। ਉਰਦੂ ਦੀ ਸਥਿਤੀ ਪੰਜਾਬ (ਪਾਕਿਸਤਾਨ) ਵਿਚ ਕੁਝ ਓਹੋ-ਜਿਹੀ ਹੈ ਜਿਹੋ-ਜਿਹੀ ਭਾਰਤ ਵਿਚ ਅੰਗਰੇਜ਼ੀ ਦੀ ਹੈ।
ਆਧੁਨਿਕ ਯੁੱਗ ਵਿਚ ਕੋਈ ਟਾਵਾਂ ਹੀ ਜਾਂ ਸ਼ਾਇਦ ਹੀ ਕੋਈ ਅਜਿਹਾ ਪਾਕਿਸਤਾਨੀ ਪੰਜਾਬੀ ਕਵੀ ਹੋਵੇਗਾ ਜਿਸਨੂੰ ਭਾਰਤੀ ਉਪ-ਮਹਾਦੀਪ ਵਿਚ ਮਾਨਤਾ ਮਿਲੀ ਹੋਵੇ। ਪਰ ਪੰਜਾਬ ਦੇ ਉਰਦੂ ਕਵੀਆਂ ਨੂੰ ਇਹ ਸਨਮਾਨ ਵਾਰ-ਵਾਰ ਮਿਲਦਾ ਰਿਹਾ ਹੈ। ਇਸ ਲਈ ਪੰਜਾਬ ਵਿਚ ਉਰਦੂ ਲਿਖਣ ਵਾਲਾ ਇਹ ਜਾਣਦਾ ਹੈ ਕਿ ਉਸਨੇ ਉਪ-ਮਹਾਦੀਪ ਜਾਂ ਅੰਦਰ-ਰਾਸ਼ਟਰੀ ਉਰਦੂ ਜਗਤ ਦਾ ਕਵੀ ਬਣਨਾ ਹੈ ਤਾਂ ਪੰਜਾਬੀ ਵਿਚ ਲਿਖਣ ਨਾਲ ਕੰਮ ਨਹੀਂ ਚੱਲੇਗਾ। ਤੇ ਹੁਣ ਉਰਦੂ ਦਾ ਵੱਡਾ ਕਵੀ ਹੋਣ ਦਾ ਮਤਲਬ ਹਿੰਦੀ ਜਗਤ ਦਾ ਕਵੀ ਬਣਨਾ ਵੀ ਹੈ। 'ਫ਼ੈਜ਼' ਨੇ ਇਹ ਸਿੱਧ ਕਰ ਦਿੱਤਾ ਹੈ। 'ਫ਼ੈਜ਼' ਹਿੰਦੀ ਜਗਤ ਵਿਚ ਵੀ ਜਾਣੇ-ਮਾਣੇ ਜਾਂਦੇ ਨੇ। ਪੰਜਾਬੀ ਵਿਚ ਲਿਖਣ ਦਾ ਮਤਲਬ ਸਿਰਫ ਪੰਜ ਸਤ ਕਰੋੜ ਦੀ ਭਾਸ਼ਾ ਦਾ ਕਵੀ ਹੋਣਾ ਹੈ ਜਦਕਿ ਉਰਦੂ ਵਿਚ ਲਿਖਣ ਦਾ ਮਤਲਬ ਲਗਭਗ ਸੌ ਕਰੋੜ ਲੋਕਾਂ ਦਾ ਕਵੀ ਹੋਣਾ ਹੈ। ਇਸ ਸੌ ਕਰੋੜ ਵਿਚ ਹਿੰਦੀ ਵੀ ਸ਼ਾਮਲ ਹੈ।
ਦੋ-ਤਿੰਨ ਦਿਨ ਪਹਿਲਾਂ ਮੈਨੂੰ ਸ਼ੱਕ ਹੋਇਆ ਸੀ ਕਿ ਆਟੋ ਚਾਲਕ ਸ਼ੌਕਤ ਅਲੀ ਸ਼ਾਇਦ ਸ਼ੀਆ ਹੈਨ ਕਿਉਂਕਿ ਉਹਨਾਂ ਦੇ ਆਟੋ ਵਿਚ ਕੁਝ ਇਸ ਤਰ੍ਹਾਂ ਦੇ ਅਰਬੀ ਵਾਕ ਲੱਗੇ ਹੋਇਆ ਸਨ ਜਿਹਨਾਂ ਨੂੰ ਸ਼ੀਆ ਹੀ ਮੰਨਦੇ ਨੇ। 'ਕਨਫ਼ਿਊਜ਼ਨ' ਵਿਚੋਂ ਨਿਕਲਣ ਲਈ ਮੈਂ ਸ਼ੌਕਤ ਨੂੰ ਪੁੱਛ ਹੀ ਲਿਆ ਕਿ ਕੀ ਉਹ ਸ਼ੀਆ ਨੇ। ਉਹਨਾਂ 'ਹਾਂ' ਵਿਚ ਜਵਾਬ ਦਿੱਤਾ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਵੀ ਸ਼ੀਆ ਹਾਂ। ਫੇਰ ਕੀ ਸੀ, ਸ਼ੌਕਤ ਸਾਹਬ ਨੇ ਆਟੋ ਸੜਕ ਦੇ ਕਿਨਾਰੇ ਰੋਕ ਦਿੱਤਾ ਤੇ ਮੇਰੇ ਗਲ਼ੇ ਮਿਲੇ। ਜੇ ਮੈਨੂੰ ਪਤਾ ਹੁੰਦਾ ਕਿ ਮੇਰਾ ਸ਼ੀਆ ਹੋਣਾ ਸ਼ੌਕਤ ਨੂੰ ਏਨਾ ਪ੍ਰਭਾਵਿਤ ਕਰੇਗਾ ਤਾਂ ਮੈਂ ਨਾ ਦੱਸਦਾ।
“ਹੁਣ ਤਾਂ ਪਹਿਲਾਂ ਤੁਹਾਨੂੰ ਮੇਰੇ ਘਰ ਚੱਲ ਕੇ ਚਾਹ ਪੀਣੀ ਪਏਗੀ।” ਸ਼ੌਕਤ ਬੋਲੇ।
ਅਸੀਂ ਬੰਦ ਰੋਡ 'ਤੇ ਹਿੰਦੂ ਮੰਦਰ ਦੇਖਣ ਜਾ ਰਹੇ ਸਾਂ, ਪਰ ਮੇਰੇ ਸ਼ੀਆ ਹੋਣ ਨੇ ਪ੍ਰੋਗਰਾਮ ਗੜਬੜ ਕਰ ਦਿੱਤਾ ਸੀ।
“ਪਰ ਅਸੀਂ ਲੋਕ ਤਾਂ ਬੰਦ ਰੋਡ...”
“ਬਹੁਤੀ ਦੂਰ ਨਹੀਂ...ਮੇਰਾ ਘਰ ਰਸਤੇ ਵਿਚ ਈ ਏ।”
“ਚੱਲੇ” ਮੇਰੇ ਵੱਸ ਵਿਚ ਕੀ ਸੀ।
ਸ਼ੌਕਤ ਬਜਾਏ ਘਰ ਦੇ ਆਪਣੇ ਭਰਾ ਦੇ ਆਫਿਸ ਲੈ ਗਏ, ਜਿਹੜੇ ਪ੍ਰਾਪਰਟੀ ਡੀਲਰਾਂ ਵਾਂਗ ਆਪਣੇ ਧੰਦੇ ਵਿਚ ਰੁੱਝੇ ਹੋਏ ਸਨ। ਜਿਸ ਅੱਧਬਣੀ ਇਮਾਰਤ ਵਿਚ ਉਹਨਾਂ ਦਾ ਆਫਿਸ ਸੀ ਉਸਦੇ ਬਾਹਰ ਇਕ ਮੋਚੀ ਬੈਠਾ ਸੀ। ਅਸੀਂ ਬੈਠੇ ਚਾਹ ਪੀ ਰਹੇ ਸਾਂ ਕਿ ਮੋਚੀ ਸ਼ੌਕਤ ਦੇ ਭਰਾ ਦੇ ਬੂਟ ਪਾਲਸ਼ ਕਰਕੇ ਲੈ ਆਇਆ। ਸ਼ੌਕਤ ਨੇ ਮੈਨੂੰ ਕਿਹਾ ਕਿ ਮੈਂ ਵੀ ਆਪਣੇ ਬੂਟ ਪਾਲਸ਼ ਕਰਵਾ ਲਵਾਂ। ਮੇਰੇ ਹਾਂ ਕਹਿਣ ਤੋਂ ਪਹਿਲਾਂ ਪਾਲਸ਼ ਵਾਲੇ ਨੇ ਮੇਰੇ ਬੂਟ ਲੁਹਾਅ ਲਏ। ਪਿੱਛੋਂ ਪਤਾ ਲੱਗਿਆ ਕਿ ਪਾਲਸ਼ ਵਾਲਾ ਸ਼ੌਕਤ ਪਰਿਵਾਰ ਤੇ ਮਿਤਰਾਂ ਦੇ ਲਈ ਠੇਕੇ 'ਤੇ ਪਾਲਸ਼ ਕਰਦਾ ਹੈ।
ਗੱਲਬਾਤ ਵਿਚ ਪ੍ਰਾਪਰਟੀ ਦੇ 'ਰੇਟਾਂ' ਦੀ ਤੁਲਨਾ ਹੁੰਦੀ ਰਹੀ। ਪਤਾ ਲੱਗਿਆ ਲਾਹੌਰ ਵਿਚ ਪ੍ਰਾਪਰਟੀ ਸਸਤੀ ਹੈ। ਇਸਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਾਡਾ ਇਕ ਰੁਪਈਆ ਪਾਕਿਸਤਾਨ ਦੇ ਦੋ ਰੁਪਈਆਂ ਦੇ ਬਰਾਬਰ ਹੈ। ਚਲੋ ਖ਼ੈਰ, ਖਰੀ ਕਾਰੋਬਾਰੀ ਗੱਲਬਾਤ ਪਿੱਛੋਂ ਅਸੀਂ ਲੋਕ ਬਾਹਰ ਨਿਕਲੇ।
ਬੰਦ ਰੋਡ ਇਕ ਲੰਮੀ ਚੌੜੀ ਸੜਕ ਹੈ। ਇਕ ਪਾਸੇ ਰਾਵੀ ਨਦੀ ਹੈ ਤੇ ਦੂਜੇ ਪਾਸੇ ਸ਼ਹਿਰ ਹੈ। ਅਸੀਂ ਪੂਰੀ ਸੜਕ ਦਾ ਚੱਕਰ ਲਾਇਆ, ਪਰ ਕਿਧਰੇ ਮੰਦਰ ਦਿਖਾਈ ਨਹੀਂ ਦਿੱਤਾ। ਕੁਝ ਲੋਕਾਂ ਤੋਂ ਪੁੱਛਿਆ, ਪਰ ਕੋਈ ਨਹੀਂ ਦੱਸ ਸਕਿਆ ਕਿ ਮੰਦਰ ਕਿੱਥੇ ਹੈ? ਕਾਫੀ ਦੇਰ ਤਕ ਇਧਰ-ਉਧਰ ਭਟਕਣ ਪਿੱਛੋਂ ਮੈਂ ਸ਼ੌਕਤ ਨੂੰ ਕਿਹਾ, “ਚਲੋ ਰਾਵੀ ਦੇ ਕਿਨਾਰੇ ਚਲਦੇ ਆਂ।”
ਮੈਂ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡਾਂ ਨੇੜੇ ਰਾਵੀ ਨੂੰ ਵਹਿੰਦਿਆਂ ਦੇਖਿਆ ਹੈ। ਦੂਰ ਤਕ ਫੈਲੇ ਖੇਤਾਂ ਤੇ ਬਾਗ਼ਾਂ ਵਿਚਕਾਰੋਂ ਲੰਘਦੀ ਹੋਈ ਰਾਵੀ ਕਿਸੇ ਪੰਜਾਬੀ ਲੋਕ ਗੀਤਾ ਜਿਹੀ ਜਾਪਦੀ ਹੈ। ਲਾਹੌਰ ਵਿਚ ਰਾਵੀ ਸ਼ਹਿਰ ਕੋਲੋਂ ਲੰਘਦੀ ਹੈ। ਉਸ ਪਾਸੇ ਵੀ ਆਬਾਦੀ ਹੈ। ਮੈਂ ਸ਼ੌਕਤ ਨਾਲ ਰਾਵੀ ਦੇ ਕੰਢੇ 'ਤੇ ਆ ਗਿਆ। ਉੱਥੇ ਇਕ ਖੋਖੇ ਤੋਂ ਚਾਹ ਪੀਤੀ। ਕੁਝ ਪੀਰ-ਫ਼ਕੀਰ ਕਿਸਮ ਦੇ ਲੋਕ, ਕੁਝ ਆਵਾਰਾ, ਕੁਝ ਗ਼ਰੀਬ ਲੋਕ ਇਧਰ-ਉਧਰ ਬੈਠੇ ਸਨ ਜਾਂ ਆ-ਜਾ ਰਹੇ ਸਨ। ਰਾਵੀ ਕਿਨਾਰੇ ਦੋ-ਤਿੰਨ ਵੱਡੀਆਂ-ਵੱਡੀਆਂ ਬੇੜੀਆਂ ਬੜੀ ਅਣਗੌਲੀ ਹਾਲਤ ਵਿਚ ਹਿੱਲ-ਡੋਲ ਰਹੀਆਂ ਸਨ। ਆਸਮਾਨ ਸਾਫ਼ ਸੀ।
ਰਾਵੀ ਦੇਖਣ ਪਿੱਛੋਂ ਮੈਂ ਸ਼ੌਕਤ ਨੂੰ ਕਿਸੇ ਅਵਾਮੀ ਬਸਤੀ (ਧੱਕਾ ਬਸਤੀ) ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ। ਸ਼ੌਕਤ ਮੱਕਾ ਕਾਲੋਨੀ ਤੇ ਮਦੀਨਾ ਕਾਲੋਨੀ ਲੈ ਗਏ। ਇੱਥੇ ਪਹੁੰਚ ਕੇ ਲੱਗਿਆ ਜਿਵੇਂ ਦਿੱਲੀ ਦੇ ਪਾਂਡਵ ਨਗਰ ਜਾਂ ਅਰਜੁਨ ਨਗਰ ਵਰਗੀ ਥਾਂ ਆ ਗਏ ਹੋਈਏ। ਪਰ ਫੇਰ ਵੀ ਇਹ 'ਸਲਮ ਏਰੀਏ' ਦੀ ਸ਼੍ਰੇਣੀ ਵਿਚ ਨਹੀਂ ਸੀ ਆਉਂਦੀਆਂ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਗ਼ਰੀਬ ਲੋਕਾਂ ਦੀਆਂ ਬਸਤੀਆਂ ਦੇ ਨਾਂ ਧਾਰਮਿਕ ਸਥਾਨਾਂ ਜਾਂ ਪੌਰਾਣਿਕ ਪਾਤਰਾਂ ਦੇ ਨਾਂਵਾਂ 'ਤੇ ਕਿਉਂ ਹੁੰਦੀਆਂ ਨੇ?
ਲਾਹੌਰ ਵਿਚ ਸਾਰੇ ਦੋਸਤਾਂ ਨੇ ਬੜਾ ਸਾਫ਼-ਸਾਫ਼ ਕਿਹਾ ਸੀ ਕਿ ਪਾਕਿਸਤਾਨ ਵਿਚ ਟਰੇਨ ਵਿਚ ਸਫ਼ਰ ਨਹੀਂ ਕਰਨਾ ਚਾਹੀਦਾ। ਕੋਰੀਅਨ ਕੰਪਨੀ 'ਡੇਬੂ' ਦੀਆਂ ਬੜੀਆਂ ਚੰਗੀਆਂ ਬੱਸਾਂ ਚਲਦੀਆਂ ਨੇ ਜਿਹਨਾਂ ਵਿਚ ਯਾਤਰਾ ਆਸਾਨ ਹੈ। ਟਰੇਨ ਵਿਚ ਨਾ ਜਾਣ ਦੀ ਏਨੀ ਚਿਤਾਵਨੀ ਦਿੱਤੀ ਗਈ ਸੀ ਕਿ ਲਾਹੌਰ ਤੋਂ ਮੁਲਤਾਨ ਜਾਣ ਲਈ ਮੈਂ ਟਰੇਨ ਵਿਚ ਜਾਣ ਦਾ ਹੀ ਫ਼ੈਸਲਾ ਕੀਤਾ। ਟਰੇਨ ਦਾ ਟਿਕਟ ਮੁਸ਼ਤਾਕ ਸੂਫ਼ੀ ਸਾਹਬ ਨੇ ਮੰਗਵਾ ਦਿੱਤਾ ਸੀ ਤੇ ਪੈਸੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਚਲੋ ਖ਼ੈਰ, ਟਰੇਨ ਸਵੇਰੇ ਛੇ ਵਜੇ ਚੱਲਣੀ ਸੀ। ਇਸਦਾ ਮਤਲਬ ਪੰਜ ਵਜੇ ਸਵੇਰੇ ਗੈਸਟ ਹਾਊਸ ਵਿਚੋਂ ਨਿਕਲਣਾ ਸੀ। ਮੈਂ ਆਟੋ ਚਾਲਕ ਸ਼ੌਕਤ ਨੂੰ ਪੁੱਛਿਆ ਸੀ ਕਿ ਕੀ ਉਹ ਪੰਜ ਵਜੇ ਸਵੇਰੇ ਗੈਸਟ ਹਾਊਸ ਆ ਸਕਦੇ ਨੇ? ਉਹਨਾਂ ਹਾਮੀ ਭਰ ਲਈ ਸੀ।
ਸਾਰਾ ਦਿਨ ਇਧਰ-ਉਧਰ ਘੁੰਮਣ ਪਿੱਛੋਂ ਸ਼ਾਮ ਨੂੰ ਮਦੀਹਾ ਗੌਹਰ ਦੇ ਨਾਟਕ ਦੇਖਣ ਦਾ ਪ੍ਰੋਗਰਾਮ ਸੀ। ਪਰ ਉਸ ਤੋਂ ਪਹਿਲਾਂ ਲਾਹੌਰ ਵਿਚ ਕਿਤਾਬਾਂ ਦੇ ਬਹੁਤ ਵੱਡੇ ਤੇ ਮਸ਼ਹੂਰ ਸ਼ੌਅ-ਰੂਮ 'ਰੀਡਿੰਗਸ਼' ਵਿਚ ਕੁਝ ਲੇਖਕਾਂ ਨੂੰ ਮਿਲਣ ਦੀ ਗੱਲ ਹੋ ਚੁੱਕੀ ਸੀ। ਲਾਹੌਰ ਕੇ.ਟੀ. ਹਾਊਸ ਦੇ ਉਜੜਨ ਪਿੱਛੋਂ ਲੇਖਕਾਂ ਨੇ ਆਪਣੇ ਅੱਡੇ ਇਧਰ-ਉਧਰ ਬਣਾ ਲਏ ਨੇ। ਇੰਤਜ਼ਾਰ ਹੁਸੈਨ ਆਪਣੇ ਮਿੱਤਰਾਂ ਨਾਲ ਹਰ ਛਨੀਵਾਰ ਨੂੰ 'ਨੈਰੰਗ ਗੈਲਰੀ' ਵਿਚ ਬੈਠਦੇ ਨੇ। ਕੁਝ ਹੋਰ ਲੋਕ 'ਰੀਡਿੰਗਸ' ਵਿਚ ਬੈਠਦੇ ਨੇ। ਇਹ ਮੀਟਿੰਗਾਂ ਬਗ਼ੈਰ ਕਿਸੇ ਅਜੈਂਡੇ ਦੇ ਹੁੰਦੀਆਂ ਨੇ। ਮੈਂ ਚਲਾ ਗਿਆ ਤਾਂ ਮੈਨੂੰ ਇਕ ਦੋ ਛੋਟੀਆਂ ਕਹਾਣੀਆਂ ਸੁਣਾਉਣ ਦੀ ਫਰਮਾਇਸ਼ ਕੀਤੀ ਗਈ। ਉਹਨਾਂ ਉੱਤੇ ਗੱਲਬਾਤ ਹੋਈ। ਭਾਰਤ-ਪਾਕ ਸੰਬੰਧਾਂ ਤੇ ਦੋਵਾਂ ਦੇਸ਼ਾਂ ਦੀ ਤੁਲਨਾ ਕੀਤੀ ਜਾਣ ਲੱਗੀ। ਇਕ ਲੇਖਕ ਮਿੱਤਰ ਨੇ ਬੜੀ ਚੰਗੀ ਗੱਲ ਆਖੀ। ਉਹਨਾਂ ਕਿਹਾ ਕਿ 'ਭਾਰਤ ਵਿਚ ਧਾਰਮਿਕ ਕੱਟੜਤਾ ਦੇ ਵਿਰੁੱਧ ਸੰਵਿਧਾਨ ਮਦਦ ਕਰਦਾ ਹੈ, ਪਰ ਪਾਕਿਸਤਾਨ ਵਿਚ ਇੰਜ ਨਹੀਂ ਹੁੰਦਾ।' ਨੌਜਵਾਨ ਮਿੱਤਰ ਤੇ ਉਰਦੂ ਦੇ ਪੱਤਰਕਾਰ ਮਹਿਮੂਦੁਲ ਹਸਨ ਮੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਸਨ, ਇਸ ਲਈ ਸਭਾ ਦੇ ਉਠ ਜਾਣ ਪਿੱਛੋਂ ਵੀ ਮੈਂ ਰੁਕ ਗਿਆ। ਮਹਿਮੂਦ ਨੇ ਕਿਹਾ ਕਿ ਉਹ ਮੈਨੂੰ ਮਦੀਹਾ ਗੌਹਰ ਦੇ ਨਾਟਕਾਂ ਵਾਲੀ ਜਗ੍ਹਾ ਪਹੁੰਚਾ ਦੇਣਗੇ।
ਮਦੀਹਾ ਗੌਹਰ ਨੂੰ ਥਿਏਟਰ ਐਕਟੀਵਿਸਟ ਦੇ ਰੂਪ ਵਿਚ ਮਾਨਤਾ ਮਿਲ ਚੁੱਕੀ ਹੈ। ਉਹਨਾਂ ਨੇ ਲਾਹੌਰ ਵਿਚ ਆਪਣਾ ਵੱਡਾ 'ਸੈਟਅਪ' ਬਣਾਇਆ ਹੈ। ਮੈਂ ਉਹਨਾਂ ਦਾ ਸਟੂਡਿਓ ਵੀ ਦੇਖ ਚੁੱਕਾ ਹਾਂ ਜਿਸ ਵਿਚ ਮੰਚਨ ਤੇ ਸਟੇਜ ਲਈ ਲੋੜੀਦੇ ਚੰਗੇ ਉਪਕਰਨ ਵੀ ਹੈਨ। ਮਦੀਹਾ, ਸਾਮਾਜਿਕ ਚੇਤਨਾ, ਔਰਤ ਦੇ ਅਧਿਕਾਰ, ਧਰਮ-ਅੰਧਤਾ ਦੇ ਵਿਰੁੱਧ, ਵਿਸ਼ਿਆਂ ਉਪਰ ਨਾਟਕ ਕਰਦੀ ਰਹਿੰਦੀ ਹੈ। ਉਹ ਅੱਜ ਕਲ੍ਹ ਲਾਹੌਰ ਦੇ ਬਦਲਦੇ ਹਾਲਾਤ, ਸਲਮਾਨ ਤਾਸੀਰ ਦੀ ਹੱਤਿਆ ਤੇ ਹੱਤਿਆਰੇ ਦੇ ਸਮਰਥਣ ਵਿਚ ਲੱਖਾਂ ਲੋਕਾਂ ਦੇ ਪ੍ਰਦਰਸ਼ਨ ਆਦਿ ਤੋਂ ਬੜੀ ਚਿੰਨਤਤ ਹੈ। ਧਰਮ-ਅੰਧਤਾ ਦੇ ਵਧਦੇ ਜ਼ੋਰ ਨੇ ਕਲਾਕਾਰਾਂ ਨੂੰ ਸੰਕਟ ਵਿਚ ਪਾ ਦਿੱਤਾ ਹੈ।
ਮਦੀਹਾ ਦੇ ਨਾਟਕ 'ਬੁੱਲੇਸ਼ਾਹ' ਤੇ ਬੱਚਿਆਂ ਦਾ ਨਾਟਕ 'ਦੁਨੀਆਂ ਬਦਲ ਸਕਦੀ ਹੈ' ਦੇਖ ਕੇ ਬਾਹਰ ਨਿਕਲਿਆ ਤਾਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਅਚਾਨਕ ਆਟੋ ਚਾਲਕ ਸ਼ੌਕਤ ਦਾ ਫੋਨ ਆਇਆ ਕਿ ਉਹਨਾਂ ਦੇ ਆਟੋ ਵਿਚ ਕੋਈ ਖ਼ਰਾਬੀ ਆ ਗਈ ਹੈ ਤੇ ਉਹ ਸਵੇਰੇ ਪੰਜ ਵਜੇ ਗੈਸਟ ਹਾਊਸ ਨਹੀਂ ਪਹੁੰਚ ਸਕਣਗੇ। ਹੁਣ ਰਾਤ ਦੇ ਗਿਆਰਾਂ ਵਜੇ ਮੈਂ ਹੋਰ ਕੀ ਇੰਤਜ਼ਾਮ ਕਰ ਸਕਦਾ ਸਾਂ। ਮੈਂ ਮਦੀਹਾ ਨੂੰ ਦੱਸਿਆ ਤਾਂ ਉਹਨਾਂ ਨੇ ਪੁੱਛਿਆ, “ਤੁਸੀਂ ਟਰੇਨ ਵਿਚ ਕਿਉਂ ਜਾ ਰਹੇ ਓ ਮੁਲਤਾਨ?”
ਮੈਂ ਕਿਹਾ, “ਇਸ ਲਈ ਕਿ ਸਭ ਮਨ੍ਹਾਂ ਕਰ ਰਹੇ ਨੇ ਕਿ ਪਾਕਿਸਤਾਨ ਵਿਚ ਟਰੇਨ ਦਾ ਸਫਰ ਨਹੀਂ ਕਰਨਾ ਚਾਹੀਦਾ।”
ਉਹਨਾਂ ਕਿਹਾ, “ਹਕੀਕਤ ਇਹ ਐ ਕਿ ਸਾਡੀਆਂ ਟਰੇਨਾਂ ਅੱਛੀਆਂ ਨਹੀਂ। ਤੁਸੀਂ ਕਲ੍ਹ 'ਡੇਬੂ' ਬੱਸ ਵਿਚ ਕਿਉਂ ਨਹੀਂ ਚਲੇ ਜਾਂਦੇ?...ਹੁਣ ਵੀ ਤੁਹਾਡਾ ਟਿਕਟ ਬੁੱਕ ਹੋ ਸਕਦਾ ਏ। 'ਡੇਬੂ' ਬੱਸ ਸਟੈਂਡ ਉੱਥੋਂ ਨੇੜੇ ਈ ਏ ਜਿੱਥੇ ਤੁਸੀਂ ਠਹਿਰੇ ਹੋਏ ਓ।”
ਸੁਝਾਅ ਚੰਗਾ ਸੀ। ਮਦੀਹਾ ਦਾ ਡਰਾਈਵਰ ਸਾਨੂੰ 'ਡੇਬੂ' ਬੱਸ ਸਟੈਂਡ ਲੈ ਆਇਆ। ਡਰਾਈਵਰ ਨੂੰ ਹੀ ਉਹਨਾਂ ਨੇ ਟਿਕਟ ਲੈਣ ਭੇਜਿਆ। ਰਾਤ ਦੇ ਬਾਰਾਂ ਵੱਜ ਚੁੱਕੇ ਸਨ। ਮੈਨੂੰ ਲੱਗ ਰਿਹਾ ਸੀ ਮਦੀਹਾ ਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹਾਂ। ਪਰ ਉਹਨਾਂ ਦੇ ਮੱਥੇ ਉੱਤੇ ਵੱਟ ਨਹੀਂ ਸੀ।
ਜਾਰੀ ਹੈ---------->>>

No comments:

Post a Comment